ਪਟਨਾ/ਕੋਲਕਾਤਾ/ਭੁਬਨੇਸ਼ਵਰ/ਰਾਂਚੀ, 18 ਜੂਨ
ਮੁੱਖ ਅੰਸ਼
- ਬਿਹਾਰ ਤੇ ਪੱਛਮੀ ਬੰਗਾਲ ਵਿੱਚ ਰੇਲਵੇ ਦੀਆਂ ਸੰਪਤੀਆਂ ਨੂੰ ਨਿਸ਼ਾਨਾ ਬਣਾਇਆ
- ਬਿਹਾਰ ਦੇ ਤਾਰੇਗਾਨਾ ਰੇਲਵੇ ਸਟੇਸ਼ਨ ਤੇ ਜੀਆਰਪੀ਼ ਦੇ ਵਾਹਨ ਨੂੰ ਅੱਗ ਲਗਾਈ
ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਹਾਲ ਹੀ ਵਿੱਚ ਲਿਆਂਦੀ ਗਈ ‘ਅਗਨੀਪਥ’ ਯੋਜਨ ਦੇ ਵਿਰੋਧ ਵਿੱਚ ਜੰਮੂ ਤੋਂ ਕੇਰਲ ਤੱਕ ਸ਼ੁਰੂ ਹੋਏ ਪ੍ਰਦਰਸ਼ਨ ਅੱਜ ਲਗਾਤਾਰ ਚੌਥੇ ਦਿਨ ਵੀ ਜਾਰੀ ਰਹੇ। ਪ੍ਰਦਰਸ਼ਨਕਾਰੀਆਂ ਨੇ ਯੋਜਨਾ ਦੇ ਵਿਰੋਧ ਵਿੱਚ ਬਿਹਾਰ ਤੇ ਪੱਛਮੀ ਬੰਗਾਲ ਵਿੱਚ ਅੱਜ ਵੀ ਰੇਲਵੇ ਦੀਆਂ ਸੰਪਤੀਆਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ, ਜਿਸ ਕਰ ਕੇ ਅੱਜ ਵੀ ਪੂਰਬੀ ਖੇਤਰ ਵਿੱਚ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਹਾਲਾਂਕਿ, ਉੜੀਸਾ ਤੇ ਝਾਰਖੰਡ ਵਿੱਚ ਸੜਕਾਂ ’ਤੇ ਪ੍ਰਦਰਸ਼ਨ ਹੋਏ।
ਨੌਕਰੀ ਦੇ ਚਾਹਵਾਨ ਨੌਜਵਾਨਾਂ ਨੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸੜਕਾਂ ’ਤੇ ਅਤੇ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਵਿੱਚ ਰੇਲ ਦੀਆਂ ਪਟੜੀਆਂ ’ਤੇ ਡੰਡ ਮਾਰੇ, ਜਦਕਿ ਉੜੀਸਾ ਦੇ ਨਬਰੰਗਪੁਰ ਵਿੱਚ ‘ਅਗਨੀਪਥ’ ਯੋਜਨਾ ਖ਼ਿਲਾਫ਼ ਇਕ ਨੌਜਵਾਨ ਨੇ 60 ਕਿਲੋਮੀਟਰ ਦੀ ਦੌੜ ਲਗਾਈ।
ਬਿਹਾਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਟਨਾ ਜ਼ਿਲ੍ਹੇ ਵਿੱਚ ਪੈਂਦੇ ਤਾਰੇਗਾਨਾ ਰੇਲਵੇ ਸਟੇਸ਼ਨ ਤੇ ਜੀਆਰਪੀ ਦੇ ਇਕ ਵਾਹਨ ਨੂੰ ਅੱਗ ਲਗਾ ਦਿੱਤੀ ਜਦਕਿ ਜਹਾਨਾਬਾਦ ਵਿੱਚ ਹੋਏ ਪਥਰਾਅ ਦੌਰਾਨ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇੱਥੇ ਅਗਨੀਪਥ ਦੇ ਵਿਰੋਧ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ। ਬੰਦ ਸਮਰਥਕਾਂ ਨੇ ਇੱਥੇ ਇਕ ਪੁਲੀਸ ਪੋਸਟ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਜੀਆਰਪੀ ਮੁਲਾਜ਼ਮਾਂ ’ਤੇ ਗੋਲੀਆਂ ਚਲਾਈਆਂ, ਪਥਰਾਅ ਕੀਤਾ ਅਤੇ ਇਸ ਟਕਰਾਅ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਵੀ ਕੁੱਟਿਆ।
ਦਾਨਾਪੁਰ ਸਬ-ਡਿਵੀਜ਼ਨ ਵਿੱਚ ਬੰਦ ਸਮਰਥਕਾਂ ਨੇ ਇਕ ਐਂਬੂਲੈਂਸ ਦੀ ਭੰਨ੍ਹਤੋੜ ਕੀਤੀ ਅਤੇ ਡਰਾਈਵਰ ਨੇ ਦੋਸ਼ ਲਗਾਇਆ ਕਿ ਐਂਬੂਲੈਂਸ ਅੰਦਰ ਮੌਜੂਦ ਇਕ ਮਰੀਜ਼ ਤੇ ਉਸ ਦੇ ਅਟੈਂਡੈਂਟ ਦੀ ਕੁੱਟਮਾਰ ਵੀ ਕੀਤੀ ਗਈ।
ਭਾਜਪਾ ਦੇ ਸੂਬਾਈ ਮੁੱਖ ਦਫ਼ਤਰ ਦੇ ਬਾਹਰ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਵੀਰਵਾਰ ਤੋਂ ਹੁਣ ਤੱਕ ਭਾਜਪਾ ਦੇ ਕਈ ਸੀਨੀਅਰ ਆਗੂਆਂ ’ਤੇ ਹਮਲੇ ਹੋ ਚੁੱਕੇ ਹਨ ਅਤੇ ਪਾਰਟੀ ਦੇ ਘੱਟੋ-ਘੱਟ ਤਿੰਨ ਜ਼ਿਲ੍ਹਾ ਦਫ਼ਤਰਾਂ ਨੂੰ ਅੱਗ ਲਗਾਈ ਜਾ ਚੁੱਕੀ ਹੈ।
ਪੱਛਮੀ ਬੰਗਾਲ ਵਿੱਚ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਸਿਆਲਦਾਹ-ਬੈਰਕਪੁਰ ਮਾਰਗ ’ਤੇ ਕਰੀਬ ਇਕ ਘੰਟੇ ਲਈ ਰੇਲ ਸੇਵਾ ਪ੍ਰਭਾਵਿਤ ਹੋਈ। ਇੱਥੇ ਪ੍ਰਦਰਸ਼ਨਕਾਰੀਆਂ ਨੇ ਰੇਲ ਦੀਆਂ ਪਟੜੀਆਂ ’ਤੇ ਡੰਡ ਮਾਰੇ। ਇਸ ਦੌਰਾਨ ਵੱਡੀ ਗਿਣਤੀ ਮੁਸਾਫਿਰ ਪ੍ਰੇਸ਼ਾਨ ਹੋਏ। ਅੱਜ ਦੁਪਹਿਰੇ ਆਲ ਇੰਡੀਆ ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਅਤੇ ਆਲ ਇੰਡੀਆ ਡੈਮੋਕਰੈਟਿਕ ਯੂਥ ਆਰਗੇਨਾਈਜ਼ੇਸ਼ਨ ਦੇ ਕਾਰਕੁਨਾਂ ਨੇ ਜਦੋਂ ਕੋਲਕਾਤਾ ਦੇ ਹਾਜ਼ਰਾ ਖੇਤਰ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਘਰ ਤੋਂ ਸੌ ਮੀਟਰ ਦੂਰ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ।
ਉੜੀਸਾ ਦੇ ਨਬਰੰਗਪੁਰ ਵਿੱਚ ਨੌਕਰੀ ਦੇ ਚਾਹਵਾਨ ਇਕ ਨੌਜਵਾਨ ਨੇ 60 ਕਿਲੋਮੀਟਰ ਦੀ ਦੌੜ ਲਗਾਈ ਅਤੇ ਗੰਜਮ ਜ਼ਿਲ੍ਹੇ ਦੇ ਬਹਿਰਾਮਪੁਰ ਵਿੱਚ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਮਾਲ ਡਿਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਨੇੜੇ ਧਰਨੇ ’ਤੇ ਬੈਠ ਗਏ। ਪ੍ਰਦਰਸ਼ਨਕਾਰੀਆਂ ’ਚ ਵੱਡੀ ਗਿਣਤੀ ਉਹ ਨੌਜਵਾਨ ਸ਼ਾਮਲ ਸਨ ਜੋ ਪਹਿਲਾਂ ਹੀ ਭਰਤੀ ਲਈ ਸਰੀਰਕ ਪ੍ਰੀਖਿਆ ਪਾਸ ਕਰ ਚੁੱਕੇ ਹਨ। ਇਸ ਦੌਰਾਨ ਰੇਲਵੇ ਵੱਲੋਂ ਉੜੀਸਾ ’ਚੋਂ ਲੰਘ ਕੇ ਵਿਸ਼ਾਖਾਪਟਨਮ ਆਉਣ-ਜਾਣ ਵਾਲੀਆਂ ਰੇਲਾਂ ਰੱਦ ਕਰ ਦਿੱਤੀਆਂ ਗਈਆਂ। ਇਸੇ ਤਰ੍ਹਾਂ ਝਾਰਖੰਡ ਵਿੱਚ ਧਨਬਾਦ ਅਤੇ ਰਾਂਚੀ ’ਚ ਮੋਰਾਬਾਦੀ ਵਿੱਚ ਵੀ ਪ੍ਰਦਰਸ਼ਨ ਹੋਏ।
ਕਠੂਆ/ਜੰਮੂ: ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਵਿੱਚ ਪੈਂਦੇ ਚਡਵਾਲ ’ਚ ਫ਼ੌਜ ਵਿੱਚ ਭਰਤੀ ਹੋਣ ਦੇ ਚਾਹਵਾਨਾਂ ਵੱਲੋਂ ਜੰਮੂ-ਪਠਾਨਕੋਟ ਸ਼ਾਹਰਾਹ ’ਤੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲੀਸ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਹਲਕਾ ਪਥਰਾਅ ਵੀ ਕੀਤਾ ਗਿਆ ਪਰ ਸਥਿਤੀ ਜਲਦੀ ਹੀ ਕਾਬੂ ਹੇਠ ਆ ਗਈ। ਇਸੇ ਦੌਰਾਨ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਵੀ ‘ਅਗਨੀਪਥ’ ਖ਼ਿਲਾਫ਼ ਮੁਜ਼ਾਹਰਾ ਕੀਤਾ।
ਤਿਰੂਵਨੰਤਪੁਰਮ (ਕੇਰਲ): ਕੇਰਲ ਵਿੱਚ ਵੀ ਅੱਜ ‘ਅਗਨੀਪਥ’ ਯੋਜਨਾ ਦੇ ਵਿਰੋਧ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਤਿਰੂਵਨੰਤਪੁਰਮ ਤੇ ਕੋੜੀਕੋੜ ਵਿੱਚ ਵੱਡੀ ਪੱਧਰ ’ਤੇ ਰੋਸ ਰੋਸ ਪ੍ਰਦਰਸ਼ਨ ਤੇ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਫ਼ੌਜ ਵਿੱਚ ਭਰਤੀ ਸਬੰਧੀ ਪੈਂਡਿੰਗ ਪਈ ਲਿਖਤੀ ਪ੍ਰੀਖਿਆ ਜਲਦੀ ਕਰਵਾਉਣ ਦੀ ਮੰਗ ਕੀਤੀ ਅਤੇ ‘ਅਗਨੀਪਥ’ ਯੋਜਨਾ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਤੋਂ ਇਲਾਵਾ ਮਹਾਰਾਸ਼ਟਰ, ਰਾਜਸਥਾਨ ਤੇ ਕਰਨਾਟਕ ਵਿੱਚ ਵੀ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਏ ਹਨ। ਇਸ ਦੌਰਾਨ ਬਲੀਆ ਵਿੱਚ 400 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। -ਪੀਟੀਆਈ
‘ਅਗਨੀਪਥ’ ਪ੍ਰਦਰਸ਼ਨਾਂ ਕਰ ਕੇ 369 ਰੇਲ ਗੱਡੀਆਂ ਰੱਦ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਐਲਾਨੀ ਗਈ ‘ਅਗਨੀਪਥ’ ਯੋਜਨਾ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਕਰ ਕੇ ਅੱਜ 369 ਰੇਲ ਗੱਡੀਆਂ ਰੱਦ ਹੋ ਗਈਆਂ। ਰੱਦ ਕੀਤੀਆਂ ਗਈਆਂ ਗੱਡੀਆਂ ਵਿੱਚ 210 ਮੇਲ/ਐਕਸਪ੍ਰੈੱਸ ਅਤੇ 159 ਲੋਕਲ ਯਾਤਰੀ ਰੇਲਾਂ ਸ਼ਾਮਲ ਹਨ। ਰੇਲਵੇ ਵੱਲੋਂ ਦੋ ਹੋਰ ਮੇਲ/ਐਕਸਪ੍ਰੈੱਸ ਰੇਲਾਂ ਅੰਸ਼ਕ ਤੌਰ ’ਤੇ ਰੱਦ ਕੀਤੀਆਂ ਗਈਆਂ, ਇਸ ਤਰ੍ਹਾਂ ਦਿਨ ਭਰ ਵਿੱਚ 371 ਰੇਲਾਂ ਰੱਦ ਹੋਈਆਂ। ਕੇਂਦਰ ਵੱਲੋਂ ਹਥਿਆਰਬੰਦ ਬਲਾਂ ਵਿੱਚ ਜਵਾਨਾਂ ਦੀ ਭਰਤੀ ‘ਅਗਨੀਪਥ’ ਯੋਜਨਾ ਰਾਹੀਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਜਵਾਨਾਂ ਨੂੰ ਚਾਰ ਸਾਲਾਂ ਲਈ ਭਰਤੀ ਕੀਤੇ ਜਾਣ ਦਾ ਪ੍ਰਸਤਾਵ ਹੈ, ਜਿਨ੍ਹਾਂ ਵਿੱਚੋਂ 75 ਫੀਸਦ ਨੂੰ ਉਨ੍ਹਾਂ ਦਾ ਸੇਵਾਕਾਲ ਖ਼ਤਮ ਹੋਣ ’ਤੇ ਪੈਨਸ਼ਨ ਤੇ ਹੋਰ ਸਮਾਜਿਕ ਸੁਰੱਖਿਆ ਲਾਭ ਦਿੱਤੇ ਬਿਨਾ ਸੇਵਾਮੁਕਤ ਕਰ ਦਿੱਤਾ ਜਾਵੇਗਾ। ਇਸ ਯੋਜਨਾ ਦੇ ਵਿਰੋਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨੌਜਵਾਨਾਂ ਵੱਲੋਂ ਹਿੰਸਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਿਹਾਰ ਦੇ ਹਾਜੀਪੁਰ ਵਿੱਚ ਸਥਿਤ ਰੇਲਵੇ ਦੇ ਪੂਰਬ-ਕੇਂਦਰੀ ਜ਼ੋਨ ਦੇ ਹੈੱਡਕੁਆਰਟਰ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸੂਬੇ ਵਿੱਚ 32 ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ। ਪੂਰਬ-ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵਿਰੇਂਦਰ ਕੁਮਾਰ ਨੇ ਕਿਹਾ, ‘‘ਯਾਤਰੀਆਂ ਤੇ ਰੇਲਵੇ ਦੀ ਸੰਪਤੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ, ਹੋਰ ਜ਼ੋਨਾਂ ਦੀਆਂ ਰੇਲਗੱਡੀਆਂ ਸ਼ਨਿਚਰਵਾਰ ਨੂੰ ਰਾਤ 8 ਵਜੇ ਤੋਂ ਬਾਅਦ ਹੀ ਪੂਰਬ-ਕੇਂਦਰੀ ਜ਼ੋਨ ਵਿੱਚੋਂ ਲੰਘਣਗੀਆਂ ਅਤੇ ਐਤਵਾਰ ਸਵੇਰੇ 4 ਵਜੇ ਤੱਕ ਜਾਰੀ ਰਹਿਣਗੀਆਂ।’’ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਰੇਲਵੇ ਸਟੇਸ਼ਨਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। -ਪੀਟੀਆਈ
ਕਾਂਗਰਸ ਵੱਲੋਂ ਜੰਤਰ-ਮੰਤਰ ਵਿਖੇ ਸੱਤਿਆਗ੍ਰਹਿ ਕਰਨ ਦਾ ਐਲਾਨ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਐਲਾਨੀ ਗਈ ‘ਅਗਨੀਪਥ’ ਯੋਜਨਾ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਅਤੇ ਹੋਰ ਆਗੂ ਐਤਵਾਰ ਨੂੰ ਇੱਥੇ ਜੰਤਰ-ਮੰਤਰ ਵਿਖੇ ‘ਸੱਤਿਆਗ੍ਰਹਿ’ ਉੱਤੇ ਬੈਠਣਗੇ। ਉਧਰ, ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਗਏ ਸਨ, ਉਸੇ ਤਰ੍ਹਾਂ ਉਨ੍ਹਾਂ ਨੂੰ ਨੌਜਵਾਨਾਂ ਦੀ ਮੰਗ ਮੰਨਦੇ ਹੋਏ ‘ਅਗਨੀਪਥ’ ਯੋਜਨਾ ਵਾਪਸ ਲੈਣੀ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਸੰਸਦ ਮੈਂਬਰ, ਇਸ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਅਹੁਦੇਦਾਰ 19 ਜੂਨ ਨੂੰ ਸਵੇਰੇ 10 ਵਜੇ ਜੰਤਰ-ਮੰਤਰ ਵਿਖੇ ਸ਼ੁਰੂ ਹੋ ਰਹੇ ‘ਸੱਤਿਆਗ੍ਰਹਿ’ ਦਾ ਹਿੱਸਾ ਹੋਣਗੇ।ਉਧਰ, ਕਾਂਗਰਸੀ ਆਗੂ ਰਾਹੁਲ ਨੇ ਹਿੰਦੀ ਵਿੱਚ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਨੂੰ ‘ਮੁਆਫੀਵੀਰ’ ਬਣਦੇ ਹੋਏ ਨੌਜਵਾਨਾਂ ਦੀ ਮੰਗ ਮਨਜ਼ੂਰ ਕਰਦਿਆਂ ‘ਅਗਨੀਪਥ’ ਯੋਜਨਾ ਵਾਪਸ ਲੈਣੀ ਹੋਵੇਗੀ।’’ ਇਸੇ ਤਰ੍ਹਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘‘ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਤਿਆਰੀ ਕਰ ਰਹੇ ਦਿਹਾਤੀ ਨੌਜਵਾਨਾਂ ਦਾ ਦਰਦ ਸਮਝੋ, ਪਿਛਲੇ ਤਿੰਨ ਸਾਲਾਂ ਤੋਂ ਕੋਈ ਭਰਤੀ ਨਹੀਂ ਹੋਈ।’’ -ਪੀਟੀਆਈ
ਜਨਤਕ ਸੰਪਤੀ ਦੇ ਹੋਏ ਨੁਕਸਾਨ ਦੀ ਜਾਂਚ ਲਈ ਸੁਪਰੀਮ ਕੋਰਟ ’ਚ ਪਟੀਸ਼ਨ
ਨਵੀਂ ਦਿੱਲੀ: ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਅਗਨੀਪਥ ਸਕੀਮ ਦੇ ਵਿਰੋਧ ਵਿਚ ਹੋਈ ਜਨਤਕ ਸੰਪਤੀ ਦੀ ਤੋੜ-ਭੰਨ੍ਹ ਅਤੇ ਰੇਲਵੇ ਦੇ ਹੋਏ ਨੁਕਸਾਨ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ ਗਈ ਹੈ। ਇਹ ਲੋਕ ਹਿੱਤ ਪਟੀਸ਼ਨ ਵਕੀਲ ਵਿਸ਼ਾਲ ਤਿਵਾੜੀ ਨੇ ਦਾਇਰ ਕੀਤੀ ਹੈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਕੇਂਦਰ, ਯੂਪੀ, ਤਿਲੰਗਾਨਾ, ਬਿਹਾਰ, ਹਰਿਆਣਾ ਤੇ ਰਾਜਸਥਾਨ ਸਰਕਾਰਾਂ ਕੋਲੋਂ ਹਿੰਸਕ ਮੁਜ਼ਾਹਰਿਆਂ ਬਾਰੇ ਰਿਪੋਰਟ ਮੰਗੇ। ਪਟੀਸ਼ਨਕਰਤਾ ਨੇ ਨਾਲ ਹੀ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਮਾਹਿਰਾਂ ਦੀ ਇਕ ਕਮੇਟੀ ਸਿਖ਼ਰਲੀ ਅਦਾਲਤ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਬਣਾਏ ਜੋ ਇਸ ਸਕੀਮ ਦੀ ਪੜਤਾਲ ਕਰੇ ਤੇ ਇਸ ਦੇ ਕੌਮੀ ਸੁਰੱਖਿਆ ਤੇ ਫ਼ੌਜ ਉਤੇ ਪੈਣ ਵਾਲੇ ਅਸਰਾਂ ਨੂੰ ਵੀ ਦੇਖੇ। ਜਨਤਕ ਜਾਇਦਾਦਾਂ ਨੂੰ ਹੋਏ ਨੁਕਸਾਨ ਬਾਰੇ ਕਲੇਮ ਕਮਿਸ਼ਨਰਾਂ ਦੀ ਨਿਯੁਕਤੀ ਵੀ ਮੰਗੀ ਗਈ ਹੈ। -ਪੀਟੀਆਈ