ਕੋਲਕਾਤਾ, 2 ਜੁਲਾਈ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਨਵੀਂ ਬਣੀ ਰਾਜ ਵਿਧਾਨ ਸਭਾ ’ਚ ਅੱਜ ਵਿਰੋਧੀ ਧਿਰ ਭਾਜਪਾ ਦੇ ਮੈਂਬਰਾਂ ਵੱਲੋਂ ਕੀਤੇ ਹੰਗਾਮੇ ਕਾਰਨ ਆਪਣਾ ਭਾਸ਼ਣ ਸੰਖੇਪ ਕਰਨਾ ਪਿਆ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੇ ਰਾਜ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਨੂੰ ਲੈ ਕੇ ਸਦਨ ’ਚ ਹੰਗਾਮਾ ਕੀਤਾ।
ਧਨਖੜ ਨਵੀਂ ਵਿਧਾਨ ਸਭਾ ’ਚ ਆਪਣਾ ਪਹਿਲਾ ਭਾਸ਼ਣ ਦੇਣ ਲਈ ਦੁਪਹਿਰ ਸਮੇਂ ਪਹੁੰਚੇ ਪਰ ਉਹ ਸਿਰਫ਼ ਤਿੰਨ-ਚਾਰ ਮਿੰਟ ਹੀ ਬੋਲ ਸਕੇ ਕਿਉਂਕਿ ਪ੍ਰਦਰਸ਼ਨ ਕਰਨ ਲਈ ਪੋਸਟਰ ਤੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੇ ਕਥਿਤ ਪੀੜਤਾਂ ਦੀਆਂ ਤਸਵੀਰਾਂ ਲੈ ਕੇ ਭਾਜਪਾ ਮੈਂਬਰ ਵਿਧਾਨ ਸਭਾ ਪ੍ਰਧਾਨ ਦੀ ਸੀਟ ਨੇੜੇ ਪਹੁੰਚ ਗਏ। ਵਿਧਾਨ ਸਭਾ ਦੇ ਸੂਤਰਾਂ ਅਨੁਸਾਰ ਰਾਜਪਾਲ ਆਪਣਾ ਭਾਸ਼ਣ ਪੂਰੀ ਤਰ੍ਹਾਂ ਨਹੀਂ ਪੜ੍ਹ ਸਕੇ ਤੇ ਉਸ ਨੂੰ ਸਦਨ ਦੇ ਮੇਜ਼ ’ਤੇ ਰੱਖ ਦਿੱਤਾ ਤੇ ਉੱਥੋਂ ਚਲੇ ਗਏ। ਰਾਜਪਾਲ ਦੇ ਸਦਨ ਤੋਂ ਬਾਹਰ ਨਿਕਲਣ ਸਮੇਂ ਉਨ੍ਹਾਂ ਨਾਲ ਵਿਧਾਨ ਸਭਾ ਪ੍ਰਧਾਨ ਬਿਮਾਨ ਬੈਨਰਜੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨੇ ਕਿਹਾ ਕਿ ਭਾਜਪਾ ਵਿਧਾਇਕ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋ ਗਏ ਸਨ ਕਿਉਂਕਿ ਵਿਧਾਇਕਾਂ ਵਿਚਾਲੇ ਵੰਡੀ ਗਈ ਭਾਸ਼ਣ ਦੀ ਕਾਪੀ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦਾ ਜ਼ਿਕਰ ਨਹੀਂ ਸੀ। -ਪੀਟੀਆਈ
ਟੀਐੱਮਸੀ ਵੱਲੋਂ ਸੌਲਿਸਟਰ ਜਨਰਲ ਨੂੰ ਹਟਾਉਣ ਦੀ ਮੰਗ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਾਰਤ ਦੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਦਿੱਲੀ ’ਚ ਪੱਛਮੀ ਬੰਗਾਲ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨਾਲ ਉਨ੍ਹਾਂ ਦੀ ਹੋਈ ਮੀਟਿੰਗ ਨੂੰ ਲੈ ਕੇ ਹਟਾਉਣ ਦੀ ਮੰਗ ਕੀਤੀ। ਟੀਐੱਮਸੀ ਸੰਸਦ ਮੈਂਬਰਾਂ ਡੈਰੇਕ ਓ’ਬ੍ਰਾਇਨ, ਸੁਖੇਂਦੂ ਸ਼ੇਖਰ ਰੌਇ ਅਤੇ ਮਹੁਆ ਮੋਇਤਰਾ ਵੱਲੋਂ ਲਿਖੇ ਪੱਤਰ ’ਚ ਕਿਹਾ ਗਿਆ ਹੈ ਕਿ ਅਧਿਕਾਰੀ ਤੇ ਸੌਲਿਸਟਰ ਜਨਰਲ ਵਿਚਾਲੇ ਹੋਈ ਮੀਟਿੰਗ ਗ਼ੈਰ-ਵਾਜਬਿ ਹੈ ਕਿਉਂਕਿ ਭਾਜਪਾ ਵਿਧਾਇਕ ਅਧਿਕਾਰੀ ਨਾਰਦਾ ਤੇ ਸ਼ਾਰਦਾ ਮਾਮਲਿਆਂ ’ਚ ਮੁਲਜ਼ਮ ਹਨ ਤੇ ਇਸ ਦੀ ਜਾਂਚ ਚੱਲ ਰਹੀ ਹੈ। -ਪੀਟੀਆਈ