ਨਵੀਂ ਦਿੱਲੀ, 3 ਅਗਸਤ
ਸਰਕਾਰ ਨੇ ਨਿੱਜੀ ਡੇਟਾ ਸੁਰੱਖਿਆ ਬਿੱਲ ਅੱਜ ਲੋਕ ਸਭਾ ਵਿੱਚੋਂ ਵਾਪਸ ਲੈ ਲਿਆ। ਸਰਕਾਰ ਨੇ ਕਿਹਾ ਕਿ ਉਹ ਸਰਦ ਰੁੱਤ ਇਜਲਾਸ ਦੌਰਾਨ ‘ਨਵਾਂ ਵਿਧਾਨਕ ਬਿੱਲ’ ਲਿਆਏਗੀ, ਜੋ ਵਿਆਪਕ ਕਾਨੂੰਨੀ ਚੌਖਟੇ ਵਿੱਚ ਫਿਟ ਬੈਠਦਾ ਹੋਵੇਗਾ। ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਦਨ ਵਿਚੋਂ ਬਿੱਲ ਵਾਪਸ ਲੈਣ ਲਈ ਪੇਸ਼ਕਦਮੀ ਕਰਦਿਆਂ ਕਿਹਾ, ‘‘ਸਰਕਾਰ ਡਿਜੀਟਲ ਅਰਥਚਾਰੇ ਲਈ ਵਿਆਪਕ ਕਾਨੂੰਨੀ ਚੌਖਟੇ ਵਾਸਤੇ ਨਵਾਂ ਵਿਧਾਨਕ ਬਿੱਲ ਲਿਆਏਗੀ। ਸੂਤਰਾਂ ਨੇ ਕਿਹਾ ਕਿ ਸਰਕਾਰ ਨਵੇਂ ਬਿੱਲ ਨੂੰ ਸੰਸਦ ਵਿੱਚ ਰੱਖਣ ਤੋਂ ਪਹਿਲਾਂ ਇਸ ਬਾਰੇ ਵਿਆਪਕ ਵਿਚਾਰ ਚਰਚਾ ਕਰੇਗੀ। ਸੂਤਰਾਂ ਮੁਤਾਬਕ ਇਕ ਤੋਂ ਵੱਧ ਬਿੱਲ ਇਸ ਬਿੱਲ ਦੀ ਥਾਂ ਲੈ ਸਕਦੇ ਹਨ। ਨਿੱਜਤਾ ਤੇ ਸਾਈਬਰ ਸੁਰੱਖਿਆ ਨਾਲ ਜੁੜਿਆ ਇਹ ਬਿੱਲ ਸਰਦ ਰੁੱਤ ਇਜਲਾਸ ਦੌਰਾਨ ਪੇਸ਼ ਕੀਤਾ ਜਾ ਸਕਦਾ ਹੈ। –ਪੀਟੀਆਈ