ਨਵੀਂ ਦਿੱਲੀ, 23 ਅਪਰੈਲ
ਕੇਂਦਰ ਸਰਕਾਰ ਨੇ ਕਰੋਨਾ ਦੀ ਦੂਜੀ ਲਹਿਰ ਦੌਰਾਨ ਗਰੀਬ ਗੁਰਬੇ ਨੂੰ ਦਰਪੇਸ਼ ਆਰਥਿਕ ਮੁਸ਼ਕਲਾਂ ਤੋਂ ਉਭਾਰਨ ਲਈ ਮਈ ਤੇ ਜੂਨ ਮਹੀਨਿਆਂ ਦੌਰਾਨ ਮੁਫ਼ਤ ਖੁਰਾਕੀ ਅਨਾਜ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਪਿਛਲੇ ਸਾਲ ਵੀ ਕਰੋਨਾ ਮਹਾਮਾਰੀ ਦੀ ਸਿਖਰ ਦੌਰਾਨ ਗਰੀਬਾਂ ਨੂੰ ਮੁਫ਼ਤ ਅਨਾਜ ਦਿੱਤਾ ਸੀ, ਪਰ ਹਾਲਾਤ ਸਾਜ਼ਗਾਰ ਹੋਣ ਮਗਰੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਖੁਰਾਕ ਤੇ ਜਨਤਕ ਵੰਡ ਮੰਤਰਾਲੇ ’ਚ ਸਕੱਤਰ ਸੁਧਾਂਸ਼ੂ ਪਾਂਡੇ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਅਸੀਂ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਦੇ ਲਾਭਪਾਤਰੀਆਂ ਨੂੰ ਦੋ ਮਹੀਨਿਆਂ (ਮਈ ਤੇ ਜੂਨ) ਲਈ 5 ਕਿਲੋ ਵਾਧੂ ਖੁਰਾਕੀ ਅਨਾਜ ਬਿਲਕੁਲ ਮੁਫ਼ਤ ਮੁਹੱਈਆ ਕਰਾਵਾਂਗੇ। ਐਤਕੀਂ ਇਸ ਸਕੀਮ ਤਹਿਤ ਦਾਲਾਂ ਨਹੀਂ ਦਿੱਤੀਆਂ ਜਾਣਗੀਆਂ।’ ਪਿਛਲੇ ਸਾਲ ਐਲਾਨੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਗਰੀਬਾਂ ਨੂੰ ਤਿੰਨ ਮਹੀਨਿਆਂ ਭਾਵ ਜੁਲਾਈ ਤੱਕ ਮੁਫ਼ਤ ਖੁਰਾਕੀ ਅਨਾਜ ਤੇ ਦਾਲਾਂ ਦੇਣ ਦਾ ਫੈਸਲਾ ਕੀਤਾ ਗਿਆ ਸੀ, ਹਾਲਾਂਕਿ ਕੋਵਿਡ-19 ਮਹਾਮਾਰੀ ਦੇ ਗਰੀਬਾਂ ’ਤੇ ਪਏ ਆਰਥਿਕ ਅਸਰ ਦੇ ਟਾਕਰੇ ਲਈ ਸਕੀਮ ਨੂੰ ਨਵੰਬਰ ਤੱਕ ਵਧਾ ਦਿੱਤਾ ਗਿਆ ਸੀ। ਇਸ ਨਾਲ ਸਰਕਾਰੀ ਖ਼ਜ਼ਾਨੇ ’ਤੇ 75000 ਕਰੋੜ ਰੁਪਏ ਤੋਂ ਵੱਧ ਦਾ ਬੋਝ ਪਿਆ ਸੀ। ਐੱਨਐੱਫਐੱਸਏ ਅਧੀਨ ਆਉਂਦੇ ਕੁੱਲ ਮਿਲਾ ਕੇ 80.96 ਕਰੋੜ ਲਾਭਪਾਤਰੀਆਂ ਨੂੰ ਸਕੀਮ ਤਹਿਤ ਕਵਰ ਕੀਤਾ ਗਿਆ ਸੀ। -ਪੀਟੀਆਈ