ਕੋਲਕਾਤਾ, 2 ਮਾਰਚ
ਵਿੱਤ ਮੰਤਰਾਲੇ ’ਚ ਪ੍ਰਮੁੱਖ ਆਰਥਿਕ ਸਲਾਹਕਾਰ ਸੰਜੀਵ ਸਾਨਿਆਲ ਨੇ ਕਿਹਾ ਕਿ ਭਾਰਤੀ ਅਰਥਚਾਰਾ ਆਸ ਨਾਲੋਂ ਵੀ ਵੱਧ ਰਫ਼ਤਾਰ ਨਾਲ ਮੁੜ ਪੈਰਾਂ ਸਿਰ ਹੋ ਰਿਹਾ ਹੈ। ਸਾਨਿਆਲ ਨੇ ਕਿਹਾ ਕਿ ਸਰਕਾਰ ਖਪਤਕਾਰ ਮੰਗ ਨੂੰ ਮਸਨੂਈ ਤਰੀਕੇ ਨਾਲ ਹੱਲਾਸ਼ੇਰੀ ਦੇਣ ਦੀ ਥਾਂ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਪੈਸਾ ਖਰਚਣ ਨੂੰ ਤਰਜੀਹ ਦੇਵੇਗੀ। ਇੰਡੀਆ ਚੈਂਬਰ ਆਫ਼ ਕਾਮਰਸ ਵੱਲੋਂ ਕਰਵਾਏ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਸਾਨਿਆਲ ਨੇ ਕਿਹਾ ਕਿ ਦੇਸ਼ ਨੂੰ ਲੋੜ ਹੈ ਕਿ ਵਿਕਾਸ ਦੀ ਰਫ਼ਤਾਰ ਇੰਜ ਹੀ ਬੇਰੋਕ ਜਾਰੀ ਰਹੇ। ਉਨ੍ਹਾਂ ਕਿਹਾ ਕਿ ਰੁਜ਼ਗਾਰ ਸਿਰਜਣਾ ਤੇ ਗ਼ਰੀਬੀ ਘਟਾਉਣ ਦਾ ਇਹ ਇਕੋ ਇਕੋ ਜ਼ਰੀਆ ਹੈ। ਸਾਨਿਆਲ ਨੇ ਕਿਹਾ, ‘ਅਸੀਂ ਉਮੀਦ ਨਾਲੋਂ ਵੱਧ ਰਫ਼ਤਾਰ ਨਾਲ ਮੁੜ ਪੈਰਾ ਸਿਰ ਹੋ ਰਹੇ ਹਾਂ ਤੇ ਸਾਨੂੰ ਅਗਲੇ ਦੋ ਸਾਲਾਂ ’ਚ ਵਿਕਾਸ ਦੀ ਇਸ ਚਾਲ ਨੂੰ ਬੇਰੋਕ ਜਾਰੀ ਰੱਖਣਾ ਹੋਵੇਗਾ। ਸਰਕਾਰ ਅਸਾਸਿਆਂ ਦੀ ਸਿਰਜਣਾ ਲਈ ਖਪਤਕਾਰ ਮੰਗ ਨੂੰ ਬਣਾਉਟੀ ਤਰੀਕੇ ਨਾਲ ਉਤਸ਼ਾਹਿਤ ਕਰਨ ਦੀ ਥਾਂ ਬੁਨਿਆਦੀ ਢਾਂਚੇ ’ਤੇ ਪੈਸਾ ਖਰਚੇਗੀ।’ -ਪੀਟੀਆਈ