ਨਵੀਂ ਦਿੱਲੀ, 17 ਅਕਤੂਬਰ
ਕੋਵਿਡ ਟਾਸਕ ਫੋਰਸ ਦੇ ਮੁਖੀ ਵੀ.ਕੇ. ਪੌਲ ਨੇ ਅੱਜ ਕਿਹਾ ਕਿ ਬੱਚਿਆਂ ਅਤੇ ਅੱਲ੍ਹੜ ਉਮਰ ਵਾਲਿਆਂ ਨੂੰ ਕਰੋਨਾਵਾਇਰਸ ਵਿਰੋਧੀ ਟੀਕਾ ਲਗਾਉਣ ਬਾਰੇ ਫ਼ੈਸਲਾ ਸਰਕਾਰ ਵੱਲੋਂ ਸਮੁੱਚੀ ਵਿਗਿਆਨਕ ਤਰਕ ਅਤੇ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਵੈਕਸੀਨ ਦੀ ਉਪਲਬਧਤਾ ਸਬੰਧੀ ਹਾਲਾਤ ਦੇ ਆਧਾਰ ’ਤੇ ਲਿਆ ਜਾਵੇਗਾ। ਡਾ. ਪੌਲ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਆ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਭਾਵੇਂ ਕਿ ਲਾਗ ਦੀ ਦਰ ਘੱਟ ਰਹੀ ਹੈ ਅਤੇ ਕਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਘੱਟ ਗਿਆ ਹੈ ਪਰ ਅਜੇ ਵੀ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਮਾੜਾ ਸਮਾਂ ਖ਼ਤਮ ਹੋ ਗਿਆ ਹੈ, ਕਿਉਂਕਿ ਕਈ ਦੇਸ਼ਾਂ ਵਿਚ ਦੋ ਨਾਲੋਂ ਵੱਧ ਲਹਿਰਾਂ ਦੀ ਦੇਖੀਆਂ ਗਈਆਂ ਹਨ।
ਮੌਜੂਦਾ ਸਮੇਂ ਦੇਸ਼ ਵਿਚ ਦੇਸ਼ ’ਚ ਤਿੰਨ ਤਰ੍ਹਾਂ ਦੀਆਂ ਕਰੋਨਾ ਵਿਰੋਧੀ ਵੈਕਸੀਨ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਕੋਵਿਸ਼ੀਲਡ, ਕੋਵੈਕਸੀਨ ਅਤੇ ਸਪੂਤਨਿਕ ਵੀ ਸ਼ਾਮਲ ਹਨ। ਇਹ ਤਿੰਨੋਂ ਵੈਕਸੀਨ ਸਿਰਫ਼ 18 ਸਾਲ ਤੋਂ ਵੱਧ ਉਮਰ ਦੀ ਆਬਾਦੀ ਦੇ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਸਾਰੀਆਂ ਵੈਕਸੀਨ ਦੀਆਂ ਦੋ-ਦੋ ਡੋਜ਼ ਲਗਾਈਆਂ ਜਾ ਰਹੀਆਂ ਹਨ। ਜ਼ਾਇਡਸ ਕੈਡਿਲਾ ਦੀ ਦੇਸ਼ ਵਿਚ ਵਿਕਸਤ ਕੀਤੀ ਗਈ ਸੂਈਮੁਕਤ ਕੋਵਿਡ-19 ਵਿਰੋਧੀ ਵੈਕਸੀਨ ਜ਼ਾਇਕੋਵ-ਡੀ ਪਹਿਲੀ ਅਜਿਹੀ ਵੈਕਸੀਨ ਹੈ ਜੋ ਕਿ ਭਾਰਤ ਵਿਚ 12 ਤੋਂ 18 ਸਾਲ ਉਮਰ ਵਰਗ ਵਾਲਿਆਂ ਦੇ ਲਗਾਈ ਜਾਵੇਗੀ। ਇਸ ਦੇ ਐਮਰਜੈਂਸੀ ਇਸਤੇਮਾਲ ਦੀ ਪ੍ਰਵਾਨਗੀ ਮਿਲ ਚੁੱਕੀ ਹੈ। -ਪੀਟੀਆਈ