ਮੁੰਬਈ, 17 ਜੂਨ
ਮੁੱਖ ਆਰਥਿਕ ਸਲਾਹਕਾਰ (ਸੀਈਏ) ਵੀ. ਅਨੰਤ ਨਾਗੇਸ਼ਵਰਨ ਨੇ ਅੱਜ ਕਿਹਾ ਕਿ ਸਰਕਾਰ ਕਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਤੋਂ ਬਾਅਦ ਆਰਥਿਕ ਵਿਕਾਸ ਦਰ ਵਿਚ ਆਈ ਤੇਜ਼ੀ ਨੂੰ ਪੂੰਜੀਗਤ ਖ਼ਰਚ ਜ਼ਰੀਏ ਲਗਾਤਾਰ ਕਾਇਮ ਰੱਖਣ ਲਈ ਵਚਨਬੱਧ ਹੈ। ਸਰਕਾਰ ਨੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਕਦਮ ਚੁੱਕੇ ਹਨ ਜਿਨ੍ਹਾਂ ਵਿਚ ਟੈਕਸ ’ਚ ਕਟੌਤੀ, ਨਿੱਜੀਕਰਨ ਦੀ ਕਵਾਇਦ ਜਾਰੀ ਰੱਖਣਾ, ਫਸੇ ਹੋਏ ਕਰਜ਼ਿਆਂ ਨੂੰ ਨਬਿੇੜਨਾ ਤੇ ਉਨ੍ਹਾਂ ਦਾ ਪ੍ਰਬੰਧਨ ਕਰਨ ਲਈ ਸੰਸਥਾਵਾਂ ਦਾ ਗਠਨ ਤੇ ਜਾਇਦਾਦ ਨੂੰ ਬਾਜ਼ਾਰ ’ਚ ਲਿਆਉਣ (ਮੁਦਰੀਕਰਨ) ਦੀ ਮੁਹਿੰਮ ਸ਼ੁਰੂ ਕਰਨਾ ਸ਼ਾਮਲ ਹੈ। ਇਕ ਸਮਾਗਮ ਵਿਚ ਨਾਗੇਸ਼ਵਰਨ ਨੇ ਕਿਹਾ, ‘ਬੈਂਕਾਂ ਤੇ ਗ਼ੈਰ-ਬੈਂਕਿੰਗ ਵਿੱਤੀ ਇਕਾਈਆਂ ਵਿਚ ਪ੍ਰਾਈਵੇਟ ਖੇਤਰ ਦੇ ਹਿੱਸੇਦਾਰਾਂ ’ਚ ਬੇਯਕੀਨੀ ਦੇ ਭਾਵ ਨੂੰ ਦੇਖਦਿਆਂ ਸਰਕਾਰ ਨੇ ਤੈਅ ਕੀਤਾ ਹੈ ਕਿ ਪੂੰਜੀਗਤ ਖ਼ਰਚ ਕੁਝ ਇਸ ਤਰ੍ਹਾਂ ਜਾਰੀ ਰਹੇਗਾ ਕਿ ਜਿਸ ਨਾਲ ਮਹਾਮਾਰੀ ਦੀ ਤੀਸਰੀ ਲਹਿਰ ਤੋਂ ਬਾਅਦ ਵਿਕਾਸ ਦਰ ਨੂੰ ਜੋ ਗਤੀ ਮਿਲੀ ਹੈ, ਉਹ ਪ੍ਰਭਾਵਿਤ ਨਾ ਹੋਵੇ।’ -ਪੀਟੀਆਈ
ਦੋਸ਼ ਲੱਗਣ ’ਤੇ ਗਵਰਨਰ ਦਾਸ ਵੱਲੋਂ ਆਰਬੀਆਈ ਦਾ ਬਚਾਅ
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਕੇਂਦਰੀ ਬੈਂਕ ਜੇਕਰ ਚਾਰ ਫ਼ੀਸਦ ਦੇ ਮਹਿੰਗਾਈ ਦੇ ਟੀਚੇ ਉਤੇ ਧਿਆਨ ਦੇਣ ਲੱਗ ਪੈਂਦਾ ਤਾਂ ਇਸ ਦੇ ਸਿੱਟੇ ਮਹਾਮਾਰੀ ਦੀ ਮਾਰ ਹੇਠ ਆਈ ਅਰਥਵਿਵਸਥਾ ਲਈ ਤਬਾਹਕੁਨ ਹੋ ਸਕਦੇ ਸਨ। ਉਨ੍ਹਾਂ ਆਰਬੀਆਈ ’ਤੇ ਬਦਲਦੀਆਂ ਸਥਿਤੀਆਂ ਦੇ ਮੱਦੇਨਜ਼ਰ ਸਹੀ ਸਮੇਂ ’ਤੇ ਨੀਤੀਗਤ ਕਦਮ ਨਾ ਉਠਾਉਣ ਦੇ ਲੱਗ ਰਹੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਹ ਪ੍ਰਤੀਕਿਰਿਆ ਦਿੱਤੀ। ਇਸ ਸਬੰਧੀ ਦੋ ਦਿਨ ਪਹਿਲਾਂ ਇਕ ਲੇਖ ਪ੍ਰਕਾਸ਼ਿਤ ਹੋਇਆ ਸੀ ਜਿਸ ਵਿਚ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਸਹਿ-ਲੇਖਕ ਸਨ।