ਨਵੀਂ ਦਿੱਲੀ, 4 ਸਤੰਬਰ
ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ਨੂੰ ਸੋਧਦਿਆਂ ਕੇਂਦਰ ਸਰਕਾਰ ਨੇ ਆਮ ਵਰਤੀਆਂ ਜਾਂਦੀਆਂ 39 ਦਵਾਈਆਂ ਦੇ ਭਾਅ ਘਟਾਏ ਹਨ। ਕੈਂਸਰ, ਸ਼ੂਗਰ, ਟੀਬੀ ਅਤੇ ਕੋਵਿਡ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੇ ਭਾਅ ਘਟਾਏ ਗਏ ਹਨ। ਦਵਾਈਆਂ ਦੀ ਸੂਚੀ ਸੋਧਣ ਦੇ ਕੰਮ ਵਿੱਚ ਲੱਗੇ ਮਾਹਰਾਂ ਨੇ ਸੂਚੀ ਵਿੱਚੋਂ 16 ਦਵਾਈਆਂ ਬਾਹਰ ਕੱਢ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਲੰਬੇ ਸਮੇਂ ਤੋਂ ਦਵਾਈਆਂ ਦੀਆਂ ਕੀਮਤਾਂ ਕਾਬੂ ਕਰਨ ਦੇ ਕੰਮ ਵਿੱਚ ਲੱਗੀ ਹੋਈ ਸੀ। ਆਮ ਵਰਤੀਆਂ ਜਾਂਦੀਆਂ ਦਵਾਈਆਂ ਜਿਨ੍ਹਾਂ ਨੂੰ ਸੂਚੀ ਅਧੀਨ ਲਿਆਂਦਾ ਗਿਆ ਹੈ, ਇਨ੍ਹਾਂ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਵਾਲੀ ਦਵਾਈ ਵੀ ਸ਼ਾਮਲ ਹੈ। ਸਿਹਤ ਖੋਜ ਵਿਭਾਗ ਦੇ ਸਕੱਤਰ ਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਦੀ ਅਗਵਾਈ ਹੇਠਲੀ ਕਮੇਟੀ ਨੇ ਦਵਾਈਆਂ ਦੀ ਸੂਚੀ ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਨੂੰ ਭੇਜ ਦਿੱਤੀ ਹੈ। -ਆਈਏਐੱਨਐੱਸ