ਨਵੀਂ ਦਿੱਲੀ: ਖਸਤਾਹਾਲ ਹੈਲੀਕਾਪਟਰ ਅਪਰੇਟਰ ਪਵਨ ਹੰਸ ਲਿਮਿਟਡ ਵਿੱਚ ਆਪਣੀ ਹਿੱਸੇਦਾਰੀ ਵੇਚਣ ਲਈ ਸਰਕਾਰ ਨੂੰ ਕਈ ਵਿੱਤੀ ਬੋਲੀਆਂ ਪ੍ਰਾਪਤ ਹੋਈਆਂ ਹਨ, ਜਿਸ ਨਾਲ ਇਸ ਜਨਤਕ ਅਦਾਰੇ ਵਿੱਚ ਨਿਵੇਸ਼ ਦੀ ਪ੍ਰਕਿਰਿਆ ਸੁਖਾਲੀ ਹੋ ਗਈ ਹੈ। ਵਿੱਤ ਮੰਤਰਾਲੇ ਦੇ ਨਿਵੇਸ਼ ਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਡੀਆਈਪੀਏਐੱਮ) ਦੇ ਸਕੱਤਰ ਟੀ.ਕੇ. ਪਾਂਡੇ ਨੇ ਇੱਕ ਟਵੀਟ ਵਿੱਚ ਕਿਹਾ, ‘‘ਪਵਨ ਹੰਸ ਵਿੱਚ ਨਿਵੇਸ਼ ਦਾ ਰਾਹ ਖੋਲ੍ਹਣ ਲਈ ਵਿੱਤੀ ਬੋਲੀਆਂ ਟਰਾਂਜ਼ੈਕਸ਼ਨ ਸਲਾਹਕਾਰ ਨੂੰ ਪ੍ਰਾਪਤ ਹੋ ਗਈਆਂ ਹਨ। ਪ੍ਰਕਿਰਿਆ ਹੁਣ ਆਖ਼ਰੀ ਪੜਾਅ ਵਿੱਚ ਹੈ।’’ ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਪਵਨ ਹੰਸ ਲਈ ਕਿੰਨੀਆਂ ਬੋਲੀਆਂ ਮਿਲੀਆਂ ਹਨ। ਸਰਕਾਰ ਪਵਨ ਹੰਸ ਵਿੱਚ ਆਪਣੀ 51 ਫ਼ੀਸਦੀ ਦੀ ਸਾਰੀ ਹਿੱਸੇਦਾਰੀ ਵੇਚ ਰਹੀ ਹੈ। ਬਾਕੀ 49 ਫ਼ੀਸਦੀ ਹਿੱਸੇਦਾਰੀ ਜਨਤਕ ਖੇਤਰ ਦੇ ਅਦਾਰੇ ਤੇਲ ਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਕੋਲ ਹੈ। ਪਵਨ ਹੰਸ ਦੀ ਸਥਾਪਨਾ 1985 ਵਿੱਚ ਹੋਈ ਸੀ ਅਤੇ ਇਸ ਕੋਲ 40 ਤੋਂ ਵੱਧ ਹੈਲੀਕਾਪਟਰਾਂ ਦਾ ਬੇੜਾ ਹੈ। ਇਸ ਵਿੱਚ 900 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੀ ਘੱਟ ਕਰਮਚਾਰੀ ਪੱਕੇ ਹਨ। -ਪੀਟੀਆਈ