ਨਵੀਂ ਦਿੱਲੀ, 20 ਅਗਸਤ
ਸਰਕਾਰ ਮੌਜੂਦਾ ਵਿੱਤੀ ਵਰ੍ਹੇ ਵਿਚ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਵਿਚ ਆਪਣੀ ਹਿੱਸੇਦਾਰੀ ਦਾ ਕੁਝ ਹਿੱਸਾ ਵੇਚਣ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਨੇ ਵਿਕਰੀ ਪ੍ਰਕਿਰਿਆ ਦੇ ਪ੍ਰਬੰਧਨ ਲਈ ਵਪਾਰਕ ਬੈਂਕਰਾਂ ਤੋਂ ਬੋਲੀ ਮੰਗੀ ਹੈੇ। ਭਾਰਤ ਸਰਕਾਰ ਸੇਬੀ ਦੇ ਨਿਯਮਾਂ ਅਨੁਸਾਰ ਸਟਾਕ ਐਕਸਚੇਂਜ ਦੁਆਰਾ ਸ਼ੇਅਰਾਂ ਦੀ ਪੇਸ਼ਕਸ਼ ਰਾਹੀਂ ਵਿਕਰੀ (ਓ.ਐੱਫ.ਐੱਸ.) ਵਿਧੀ ਤਹਿਤ ਆਪਣਾ ਕੁਝ ਹਿੱਸਾ ਵੇਚਣਾ ਚਾਹੁੰਦੀ ਹੈ। ਨਿਵੇਸ਼ ਅਤੇ ਜਨਤਕ ਪੂੰਜੀ ਪ੍ਰਬੰਧਨ ਵਿਭਾਗ(ਡੀਆਈਪੀਐਮ) ਨੇ ਇਹ ਜਾਣਕਾਰੀ ਦਿੱਤੀ। ਵਪਾਰੀ ਬੈਂਕਰਾਂ ਨੂੰ ਆਪਣੀ ਬੋਲੀ 10 ਸਤੰਬਰ ਤੱਕ ਜਮ੍ਹਾਂ ਕਰਵਾਉਣੀ ਹੋਵੇਗੀ। ਸਰਕਾਰ ਕੋਲ ਹਾਲ ਦੀ ਘੜੀ ਆਈਆਰਸੀਟੀਸੀ ਵਿਚ 87.40 ਫੀਸਦ ਹਿੱਸੇਦਾਰੀ ਹੈ। ਸੇਬੀ ਦੇ ਪਬਲਿਕ ਹੋਲਡਿੰਗ ਨਿਯਮ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਕੰਪਨੀ ਵਿਚ ਆਪਣੀ ਹਿੱਸੇਦਾਰੀ ਘਟਾ ਕੇ 75 ਪ੍ਰਤੀਸ਼ਤ ਕਰਨੀ ਪਵੇਗੀ। -ਪੀਟੀਆਈ