ਨਵੀਂ ਦਿੱਲੀ, 24 ਦਸੰਬਰ
ਟੈਲੀਕਾਮ ਵਿਭਾਗ ਨੇ ਗਾਹਕਾਂ ਦੇ ਕਾਲ ਡੇਟਾ ਅਤੇ ਇੰਟਰਨੈੱਟ ਇਸਤੇਮਾਲ ਕਰਨ ਸਬੰਧੀ ਰਿਕਾਰਡ ਸੁਰੱਖਿਅਤ ਰੱਖਣ ਦਾ ਸਮਾਂ ਸੁਰੱਖਿਆ ਕਾਰਨਾਂ ਕਰ ਕੇ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰ ਦਿੱਤਾ ਹੈ। ਲਾਇਸੈਂਸ ਵਿਚ ਸੋਧਾਂ 21 ਦਸੰਬਰ ਨੂੰ ਜਾਰੀ ਕੀਤੀਆਂ ਗਈਆਂ ਸਨ ਅਤੇ 22 ਦਸੰਬਰ ਨੂੰ ਇਨ੍ਹਾਂ ਦਾ ਵਿਸਥਾਰ ਹੋਰ ਤਰ੍ਹਾਂ ਦੇ ਟੈਲੀਕਾਮ ਪਰਮਿਟ ਤੱਕ ਕਰ ਦਿੱਤਾ ਗਿਆ। ਟੈਲੀਕਾਮ ਵਿਭਾਗ ਦੇ ਸਰਕੁਲਰ ਵਿਚ ਕਿਹਾ ਗਿਆ, ‘‘ਲਾਇਸੈਂਸ ਧਾਰਕ ਸਾਰੇ ਕਾਮਰਸ਼ੀਅਲ ਰਿਕਾਰਡ/ਆਈਪੀ ਡਿਟੇਲ ਰਿਕਾਰਡ ਦੇ ਨਾਲ-ਨਾਲ ਨੈੱਟਵਰਕ ’ਤੇ ਹੋਏ ਸੰਵਾਦ ਦੇ ਰਿਕਾਰਡ ਨੂੰ ਸੁਰੱਖਿਅਤ ਰੱਖਣ। ਇਸ ਤਰ੍ਹਾਂ ਦੇ ਰਿਕਾਰਡ ਸੁਰੱਖਿਆ ਕਾਰਨਾਂ ਕਰ ਕੇ ਘੱਟੋ-ਘੱਟ ਦੋ ਸਾਲਾਂ ਲਈ ਸੁਰੱਖਿਅਤ ਰੱਖੇ ਜਾਣ।’’ ਸਰਕੁਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਸੋਧਾਂ ਜਨਹਿੱਤ ਲਈ ਜਾਂ ਦੇਸ਼ ਦੇ ਸੁਰੱਖਿਆ ਹਿੱਤਾਂ ਦੇ ਲਿਹਾਜ਼ ਨਾਲ ਜ਼ਰੂਰੀ ਹਨ। ਸੋਧਾਂ ਤਹਿਤ ਟੈਲੀਕਾਮ ਕੰਪਨੀਆਂ ਲਈ ਇੰਟਰਨੈੱਟ ਸੇਵਾ, ਈ-ਮੇਲ, ਇੰਟਰਨੈੱਟ ਟੈਲੀਫੋਨੀ ਸੇਵਾਵਾਂ ਦੇ ਲਾਗ ਇਨ ਅਤੇ ਲਾਗ ਆਊਟ ਬਿਓਰੇ ਸਣੇ ਗਾਹਕਾਂ ਦਾ ਇੰਟਰਨੈੱਟ ਡੇਟਾ ਰਿਕਾਰਡ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਾਲ ਡੇਟਾ ਅਤੇ ਇੰਟਰਨੈੱਟ ਦੇ ਇਸਤੇਮਾਲ ਸਬੰਧੀ ਰਿਕਾਰਡ ਘੱਟੋ ਘੱਟ ਇਕ ਸਾਲ ਲਈ ਸੁਰੱਖਿਅਤ ਰੱਖਣ ਦਾ ਨਿਯਮ ਸੀ। -ਪੀਟੀਆਈ