ਨਵੀਂ ਦਿੱਲੀ, 14 ਜਨਵਰੀ
ਕੇਂਦਰ ਸਰਕਾਰ ਵਟਸਐਪ ਵੱਲੋਂ ਹਾਲ ’ਚ ਹੀ ਬਦਲੀ ਗਈ ਨਿੱਜਤਾ ਨੀਤੀ ਦੀ ਸਮੀਖਿਆ ਕਰ ਰਹੀ ਹੈ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਵਟਸਐਪ ਦੇ ਹਾਲੀਆਂ ਕਥਿਤ ਵਿਵਾਦਤ ਬਦਲਾਵਾਂ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਇਸ ਤਹਿਤ ਵਟਸਐਪ ਵਰਤੋਂਕਾਰਾਂ ਦੇ ਡੇਟਾ ਨੂੰ ਫੇਸਬੁਕ ਦੇ ਹੋਰ ਉਤਪਾਦਾਂ ਅਤੇ ਸੇਵਾਵਾਂ ਨਾਲ ਜੋੜਿਆ ਗਿਆ ਹੈ, ਜਿਸ ਲਈ ਵਰਤੋਂਕਾਰਾਂ ਨੂੰ 8 ਫਰਵਰੀ ਤਕ ਸਹਿਮਤੀ ਦੇਣੀ ਪੈਣੀ ਹੈ। ਸੂਤਰਾਂ ਮੁਤਾਬਕ ਸੂਚਨਾ ਅਤੇ ਤਕਨੀਕੀ ਮੰਤਰਾਲੇ ਵਿੱਚ ਫੇਸਬੁਕ ਦੀ ਮਾਲਕੀ ਵਾਲੇ ਮੈਸੇਜਿੰਗ ਪਲੇਟਫਾਰਮ ਦੇ ਉਕਤ ਕਦਮ ਦੇ ਪ੍ਰਭਾਵ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਤਫ਼ਸੀਲ ’ਚ ਸਮੀਖਿਆ ਦੀ ਲੋੜ ਹੈ। ਆਈਟੀ ਮੰਤਰਾਲੇ ਨੇ ਹਾਲੇ ਤਕ ਕਿਸੇ ਤੋਂ ਵੀ ਸਪੱਸ਼ਟੀਕਰਨ ਨਹੀਂ ਮੰਗਿਆ ਹੈ, ਹਾਲਾਂਕਿ ਇਸ ਬਾਰੇ ਜਲਦੀ ਹੀ ਫ਼ੈਸਲਾ ਹੋ ਸਕਦਾ ਹੈ। ਦੂਜੇ ਪਾਸੇ ਅੱਜ ਵਟਸਐਪ ਦੇ ਮੁਖੀ ਵਿਲ ਕੈਥਕਾਰਟ ਨੇ ਕਿਹਾ ਕਿ ਫੇਸਬੁਕ ਦੀ ਮਾਲਕੀ ਵਾਲੀ ਕੰਪਨੀ ਹਾਲੇ ਵੀ ਭਾਰਤ ਵਿੱਚ ਐਪ ਦੇ ਵਰਤੋਂਕਾਰਾਂ ਦੀ ਨਿੱਜਤਾ ਤੇ ਸੁਰੱਖਿਆ ਯਕੀਨੀ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਇਸ ਮੁੱਦੇ ’ਤੇ ਅਸੀਂ ਸਰਕਾਰ ਦੇ ਸਵਾਲਾਂ ਦੇ ਜਵਾਬ ਲਈ ਹਾਜ਼ਰ ਹਾਂ।
-ਪੀਟੀਆਈ