ਨਵੀਂ ਦਿੱਲੀ: ਸਰਕਾਰ ਨਵੇਂ ਚੀਫ਼ ਆਫ਼ ਡਿਫੈਂਸ ਸਟਾਫ ਦੀ ਨਿਯੁਕਤੀ ਲਈ ਜਲਦੀ ਹੀ ਅਮਲ ਸ਼ੁਰੂ ਕਰੇਗੀ। ਇਸ ਸਿਖਰਲੇ ਅਹੁਦੇ ਦੀ ਦੌੜ ਵਿੱਚ ਥਲ ਸੈਨਾ ਮੁਖੀ ਐੱਮ.ਐੱਮ.ਨਰਵਾਣੇ ਸਭ ਤੋਂ ਅੱਗੇ ਦੱਸੇ ਜਾਂਦੇ ਹਨ। ਜਨਰਲ ਬਿਪਿਨ ਰਾਵਤ ਦੀ ਲੰਘੇ ਦਿਨ ਹੈਲੀਕਾਪਟਰ ਹਾਦਸੇ ਵਿੱਚ ਹੋਈ ਮੌਤ ਮਗਰੋਂ ਇਹ ਅਹੁਦਾ ਖਾਲੀ ਹੋਇਆ ਹੈ। ਨਵੇਂ ਸੀਡੀਐੈੱਸ ਦੀ ਨਿਯੁਕਤੀ ਲਈ ਸਰਕਾਰ ਵੱਲੋਂ ਵਿੱਢੇ ਅਮਲ ਦਰਮਿਆਨ ਸੇਵਾਮੁਕਤ ਮਿਲਟਰੀ ਕਮਾਂਡਰਾਂ ਦਾ ਕਹਿਣਾ ਹੈ ਕਿ ਜਨਰਲ ਨਰਵਾਣੇ ਦੀ ਨਿਯੁਕਤੀ ਨੀਤੀਗਤ ਤੇ ਸਿਆਣਪ ਵਾਲਾ ਫੈਸਲਾ ਹੋਵੇਗਾ, ਕਿਉਂਕਿ ਉਹ ਥਲ ਸੈਨਾ ਮੁਖੀ ਦੇ ਅਹੁਦੇ ਤੋਂ ਅਗਲੇ ਪੰਜ ਮਹੀਨਿਆਂ ’ਚ ਸੇਵਾ ਮੁਕਤ ਹੋ ਰਹੇ ਹਨ। ਇਸ ਨਵੀਂ ਨਿਯੁਕਤੀ ਨੂੰ ਲੈ ਕੇ ਚੱਲ ਰਹੇ ਅਮਲ ਤੋਂ ਜਾਣੂ ਕੁਝ ਲੋਕਾਂ ਨੇ ਕਿਹਾ ਕਿ ਸਰਕਾਰ ਇਕ ਛੋਟੀ ਕਮੇਟੀ/ਪੈਨਲ ਗਠਿਤ ਕਰ ਸਕਦੀ ਹੈ, ਜਿਸ ਵਿਚ ਤਿੰਨਾਂ ਸੈਨਾਵਾਂ ਦੇ ਸੀਨੀਅਰ ਕਮਾਂਡਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੈਨਲ ਅਗਲੇ ਇਕ ਦੋ ਦਿਨਾਂ ਵਿੱਚ ਤਿੰਨਾਂ ਸੈਨਾਵਾਂ ’ਚੋਂ ਕੁਝ ਨਾਵਾਂ ਦੀ ਸਿਫਾਰਸ਼ ਕਰ ਸਕਦਾ ਹੈ, ਜਿਸ ਨੂੰ ਪ੍ਰਵਾਨਗੀ ਲਈ ਅੱਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ ਭੇਜਿਆ ਜਾਵੇਗਾ। ਰੱਖਿਆ ਮੰਤਰੀ ਦੀ ਝੰਡੀ ਮਗਰੋਂ ਇਹ ਨਾਮ ਆਖਰੀ ਫੈਸਲੇ ਲਈ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਕੋਲ ਭੇਜੇ ਜਾਣਗੇ। ਸੀਡੀਐੱਸ ਤਿੰਨਾ ਸੈਨਾਵਾਂ ਦੇ ਮੁਖੀਆਂ ਦੀ ਸਟਾਫ਼ ਕਮੇਟੀ ਦਾ ਚੇਅਰਮੈਨ ਹੁੰਦਾ ਹੈ। ਤਿੰਨਾਂ ਸੈਨਾਵਾਂ ਮੁਖੀਆਂ ’ਚੋਂ ਜਨਰਲ ਮਨੋਜ ਮੁਕੁੰਦ ਨਰਵਾਣੇ ਸਭ ਤੋਂ ਸੀਨੀਅਰ ਹਨ। ਉਨ੍ਹਾਂ ਅਪਰੈਲ ਵਿੱਚ ਸੇਵਾ ਮੁਕਤ ਹੋਣਾ ਹੈ ਜਦੋਂਕਿ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀ.ਆਰ.ਚੌਧਰੀ ਤੇ ਜਲ ਸੈਨਾ ਮੁਖੀ ਐਡਮਿਰਲ ਆਰ.ਹਰੀ.ਕੁਮਾਰ ਕ੍ਰਮਵਾਰ 30 ਸਤੰਬਰ ਤੇ 30 ਨਵੰਬਰ ਨੂੰ ਸੇਵਾ ਮੁਕਤ ਹੋਣਗੇ। ਜਨਰਲ ਨਰਵਾਣੇ ਨੇ ਪੂਰਬੀ ਲੱਦਾਖ ਵਿੱਚ ਚੀਨ ਨਾਲ ਜਾਰੀ ਟਕਰਾਅ ਨੂੰ ਜਿਸ ਤਰੀਕੇ ਨਾਲ ਨਜਿੱਠਿਆ ਹੈ, ਉਹ ਨਵੇਂ ਸੀਡੀਐੱਸ ਦੀ ਦੌੜ ’ਚ ਮੋਹਰੀ ਹਨ। ਜਨਰਲ ਬਿਪਿਨ ਰਾਵਤ ਦਾ ਸੀਡੀਐੱਸ ਵਜੋਂ ਕਾਰਜਕਾਲ ਮਾਰਚ 2023 ਤੱਕ ਸੀ। -ਪੀਟੀਆਈ