ਨਵੀਂ ਦਿੱਲੀ, 10 ਜੁਲਾਈ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਸਹਿਕਾਰੀ ਸੁਸਾਇਟੀਆਂ ਅਤੇ ਸੰਸਥਾਨਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਮੁਲਕ ਦੇ ਸਹਿਕਾਰੀ ਖੇਤਰ ਦੀਆਂ ਕੁਝ ਨਾਮੀ ਸੰਸਥਾਵਾਂ ਦੇ ਮੁਖੀਆਂ ਨਾਲ ਅੱਜ ਮੁਲਾਕਾਤ ਵੀ ਕੀਤੀ। ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਪ੍ਰਧਾਨ ਮੰਤਰੀ ਵੱਲੋਂ ਤਿੰਨ ਦਿਨ ਪਹਿਲਾਂ ਮੰਤਰੀ ਮੰਡਲ ’ਚ ਫੇਰਬਦਲ ਕੀਤੇ ਜਾਣ ਦੌਰਾਨ ਸ਼ਾਹ ਨੂੰ ਨਵੇਂ ਬਣਾਏ ਗਏ ਸਹਿਕਾਰਤਾ ਮੰਤਰਾਲੇ ਦਾ ਵਾਧੂ ਚਾਰਜ ਸੌਂਪਿਆ ਹੈ।
ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਨ ਵਾਲਿਆਂ ’ਚ ਨੈਸ਼ਨਲ ਕੋਆਪ੍ਰੇਟਿਵ ਯੂਨੀਅਨ ਆਫ਼ ਇੰਡੀਆ (ਐੱਨਸੀਯੂਆਈ) ਦੇ ਚੇਅਰਮੈਨ ਦਿਲੀਪ ਸੰਘਾਨੀ, ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪ੍ਰੇਟਿਵ ਲਿਮਟਿਡ (ਇਫਕੋ) ਦੇ ਚੇਅਰਮੈਨ ਬੀ ਐੱਸ ਨਕਈ ਤੇ ਐੱਮਡੀ ਯੂ ਐੱਸ ਅਵਸਥੀ ਅਤੇ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ਼ ਇੰਡੀਆ ਲਿਮਟਿਡ (ਨੈਫੇਡ) ਦੇ ਚੇਅਰਮੈਨ ਬਿਜੇਂਦਰ ਸਿੰਘ ਸ਼ਾਮਲ ਸਨ। ਸ੍ਰੀ ਸ਼ਾਹ ਨੇ ਟਵੀਟ ਕਰਕੇ ਕਿਹਾ,‘‘ਮੋਦੀ ਜੀ ਦੀ ਅਗਵਾਈ ਹੇਠ ਅਸੀਂ ਸਹਿਕਾਰੀ ਸੁਸਾਇਟੀਆਂ ਅਤੇ ਸਹਿਕਾਰੀ ਸੰਸਥਾਨਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹਾਂ।’’ ਅਧਿਕਾਰੀਆਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਭਾਵੇਂ ਸਹਿਕਾਰਤਾ ਮੰਤਰਾਲੇ ਦਾ ਚਾਰਜ ਨਹੀਂ ਸੰਭਾਲਿਆ ਹੈ ਪਰ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਸ਼ੁਰੂ ਕਰ ਦਿੱਤੀ ਹੈ। ਬੈਠਕ ਦੌਰਾਨ ਉਨ੍ਹਾਂ ਇਫਕੋ ਅਤੇ ਕ੍ਰਿਭਕੋ ਵਰਗੇ ਕੋਆਪ੍ਰੇਟਿਵਜ਼ ਨੂੰ ਕਿਹਾ ਕਿ ਉਹ 38 ਹਜ਼ਾਰ ਹੈਕਟੇਅਰ ਖਾਲੀ ਜ਼ਮੀਨ ਦੀ ਵਰਤੋਂ ਕਰਦਿਆਂ ਬੀਜ ਉਤਪਾਦਨ ’ਤੇ ਕੰਮ ਕਰਨ। -ਪੀਟੀਆਈ