ਸੰਭਲ (ਉਤਰ ਪ੍ਰਦੇਸ਼), 12 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਅੱਜ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਬਣੇ ਜਮੂਦ ਦਾ ਹੱਲ ਤਾਂ ਹੀ ਹੋ ਸਕਦਾ ਹੈ, ਜੇ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡੇ ਅਤੇ ਕਿਸਾਨਾਂ ਨੂੰ ਬਦਨਾਮ ਨਾ ਕਰੇ। ਅਗਲੀ ਰਣਨੀਤੀ ਬਾਰੇ ਪੁੱਛਣ ’ਤੇ ਬੀਕੇਯੂ ਦੇ ਆਗੂ ਨੇ ਕਿਹਾ, ‘‘ਇਹ ਸਭ ਸਰਕਾਰ ’ਤੇ ਨਿਰਭਰ ਹੈ। ਜੇ ਉਹ ਆਪਣਾ ਅੜੀਅਲ ਰਵੱਈਆ ਅਤੇ ਕਿਸਾਨਾਂ ਦੇ ਮਾਣ-ਸਨਮਾਨ ਨਾਲ ਖੇਡਣਾ ਛੱਡ ਦਿੰਦੀ ਹੈ ਤਾਂ ਮਸਲਾ ਹੱਲ ਹੋ ਸਕਦਾ ਹੈ।’’ ਅੰਦੋਲਨ ਨੂੰ ਮਿਲ ਰਹੇ ਵਿਦੇਸ਼ੀਆਂ ਦੇ ਸਮਰਥਨ ਬਾਰੇ ਟਿਕੈਤ ਨੇ ਕਿਹਾ ਕਿ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉੁਨ੍ਹਾਂ ਕਿਹਾ, ‘‘ਜੋ ਵਾਪਰ ਰਿਹਾ ਹੈ ਉਹ ਵਿਦੇਸ਼ਾਂ ਵਿੱਚ ਜਾ ਰਿਹਾ ਹੈ। ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਤੁਸੀਂ (ਸਰਕਾਰ) ਅਜਿਹਾ ਮਾਹੌਲ ਕਿਉਂ ਬਣਾਉਂਦੇ ਹੋ।’’ ਮੁਰਾਦਾਬਾਦ ਦੇ ਬਿਲਾਰੀ ਵੱਲ ਜਾ ਰਹੇ ਟਿਕੈਤ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ, ‘‘ਸ਼ਾਂਤੀਪੂਰਨ ਸੰਘਰਸ਼ ਹੀ ਸਾਡਾ ਹਥਿਆਰ ਹੈ ਅਤੇ ਇਸ ਨੂੰ ਅਪਣਾਉਣਾ ਚਾਹੀਦਾ ਹੈ।’’ -ਏਜੰਸੀ