ਨਵੀਂ ਦਿੱਲੀ, 26 ਅਪਰੈਲ
ਕੇਂਦਰ ਸਰਕਾਰ ਨੇ ਅੱਜ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈੱਕ ਨੂੰ ਕਿਹਾ ਕਿ ਉਹ ਆਪਣੇ ਕੋਵਿਡ-19 ਟੀਕਿਆਂ ਦੀਆਂ ਕੀਮਤਾਂ ਘੱਟ ਕਰਨ। ਸਰਕਾਰ ਨੇ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਟੀਕਿਆਂ ਦੀਆਂ ਕੀਮਤਾਂ ਘਟਾਉਣ ਲਈ ਅਜਿਹੇ ਸਮੇਂ ਕਿਹਾ ਹੈ ਜਦੋਂ ਵੱਖ ਵੱਖ ਸੂਬਿਆਂ ਨੇ ਆਲੋਚਨਾ ਕਰਦਿਆਂ ਇਨ੍ਹਾਂ ਕੰਪਨੀਆਂ ’ਤੇ ਅਜਿਹੇ ਸੰਕਟ ਦੇ ਸਮੇਂ ਮੁਨਾਫਾਖੋਰੀ ਦਾ ਦੋਸ਼ ਲਾਇਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੈਬਨਿਟ ਸਕੱਤਰ ਰਾਜੀਵ ਗਾਬਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਟੀਕੇ ਦੀ ਕੀਮਤ ਤੈਅ ਕਰਨ ਦੇ ਮੁੱਦੇ ’ਤੇ ਚਰਚਾ ਕੀਤੀ ਗਈ। ਹੁਣ ਉਮੀਦ ਹੈ ਕਿ ਦੋਵੇਂ ਕੰਪਨੀਆਂ ਆਪਣੇ ਟੀਕਿਆਂ ਲਈ ਸੋਧੀਆਂ ਹੋਈਆਂ ਕੀਮਤਾਂ ਪੇਸ਼ ਕਰਨਗੀਆਂ। ਜ਼ਿਕਰਯੋਗ ਹੈ ਕਿ ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਨੇ ‘ਕੋਵੈਕਸੀਨ’ ਦੀ ਕੀਮਤ ਰਾਜ ਸਰਕਾਰਾਂ ਲਈ 600 ਰੁਪਏ ਪ੍ਰਤੀ ਖੁਰਾਕ ਅਤੇ ਨਿੱਜੀ ਹਸਪਤਾਲਾਂ ਲਈ 1200 ਰੁਪਏ ਪ੍ਰਤੀ ਖੁਰਾਕ ਤੈਅ ਕੀਤੀ ਹੈ। ਇਸੇ ਤਰ੍ਹਾਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੋਵਿਡ-19 ਦੇ ਟੀਕੇ ‘ਕੋਵੀਸ਼ੀਲਡ’ ਦੀ ਸੂਬਾ ਸਰਕਾਰਾਂ ਲਈ ਕੀਮਤ 400 ਰੁਪਏ ਅਤੇ ਨਿੱਜੀ ਹਪਸਤਾਲਾਂ ਲਈ 600 ਰੁਪਏ ਪ੍ਰਤੀ ਖੁਰਾਕ ਐਲਾਨੀ ਹੈ। -ਪੀਟੀਆਈ