ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਫਰਵਰੀ
ਸੰਯੁਕਤ ਕਿਸਾਨ ਮੋਰਚੇ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਨਹੀਂ ਸਮਝ ਰਹੀ ਹੈ ਜਦਕਿ ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਹੁਣ ਕਿਸਾਨਾਂ ਨੂੰ ਕੌਮਾਂਤਰੀ ਸ਼ਖ਼ਸੀਅਤਾਂ ਦਾ ਸਮਰਥਨ ਵੀ ਮਿਲਣ ਲੱਗ ਪਿਆ ਹੈ।
ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਵਿਸ਼ਵ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਮੋਰਚੇ ਨਾਲ ਹਮਦਰਦੀ ਦਿਖਾਉਂਦਿਆਂ ਕਿਸਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ,‘‘ਇਹ ਮਾੜੀ ਗੱਲ ਹੈ ਕਿ ਭਾਰਤ ਸਰਕਾਰ ਅਤੇ ਸੱਤਾਧਾਰੀ ਧਿਰ ਦੇ ਕੁਝ ਆਗੂ ਅੰਨਦਾਤਾ ਨੂੰ ਅਤਿਵਾਦੀ ਸਾਬਤ ਕਰਨ ਦੀ ਨਾਕਾਮ ਕੋਸ਼ਿਸ਼ ਕਰ ਚੁੱਕੇ ਹਨ।’’ ਚੇਤੇ ਰਹੇ ਕਿ ਪੌਪ ਗਾਇਕਾ ਰਿਹਾਨਾ ਨੇ ਕਿਸਾਨਾਂ ਦੇ ਹੱਕ ਵਿੱਚ ਚੱਲ ਰਹੇ ਧਰਨੇ ਨੂੰ ਲੈ ਕੇ ਟਵੀਟ ਕੀਤਾ ਸੀ।
ਕਿਸਾਨ ਆਗੂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਬਿਜਲੀ ਕਾਮਿਆਂ ਦੀ ਇਕ ਰੋਜ਼ਾ ਹੜਤਾਲ ਦਾ ਸਮਰਥਨ ਕਰਦਿਆਂ ਬਿਜਲੀ ਖੇਤਰ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਨਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2020 ਨਾਲ ਆਮ ਲੋਕਾਂ ਲਈ ਔਕੜਾਂ ਪੈਦਾ ਹੋਣ ਦੇ ਨਾਲ ਨਾਲ ਕਿਸਾਨਾਂ ਲਈ ਵੀ ਇਹ ਸੋਧ ਬਿੱਲ ਮਾੜਾ ਹੋਵੇਗਾ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਵਾਲਾ ਹੈ। ਇਸ ਬਿੱਲ ਦੇ ਕਾਨੂੰਨ ਬਣ ਜਾਣ ਨਾਲ ਕਿਸਾਨੀ ਉਪਰ ਇਕ ਹੋਰ ਕੁਹਾੜਾ ਫਿਰੇਗਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਖਾਪ ਪੰਚਾਇਤਾਂ ਅਤੇ ਕਿਸਾਨੀ ਮਹਾਪੰਚਾਇਤਾਂ ਵੱਲੋਂ ਕਿਸਾਨ ਅੰਦੋਲਨ ਨੂੰ ਜੋ ਸਮਰਥਨ ਦਿੱਤਾ ਹੈ, ਉਸ ਦਾ ਦਬਾਅ ਛੇਤੀ ਹੀ ਸਰਕਾਰ ਮਹਿਸੂਸ ਕਰੇਗੀ। ਕਿਸਾਨ ਆਗੂ ਨੇ ਕਿਹਾ ਕਿ ਹੁਣ ਮੱਧ ਪ੍ਰਦੇਸ਼ ਦੇ ਡਬਰਾ ਅਤੇ ਫੁਲਬਾਗ, ਰਾਜਸਥਾਨ ’ਚ ਮਹਿੰਦੀਪੁਰ ਅਤੇ ਹਰਿਆਣਾ ਵਿੱਚ ਜੀਂਦ ’ਚ ਮਹਾਪੰਚਾਇਤਾਂ ਹੋਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਪਹੁੰਚਣਗੇ। ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਪੰਜਾਬ ਦੇ ਕਿਸਾਨ ਸ਼ਾਹਜਹਾਂਪੁਰ ਮੋਰਚੇ ’ਤੇ ਲਗਾਤਾਰ ਪਹੁੰਚ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਇੰਟਰਨੈੱਟ ਸੇਵਾ ਬੰਦ ਕਰਨ ਤੋਂ ਬਾਅਦ ਹੁਣ ਸਰਕਾਰ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਮੀਡੀਆ ਦੇ ਦਾਖ਼ਲੇ ਅਤੇ ਕਵਰੇਜ ਨੂੰ ਵੀ ਰੋਕ ਰਹੀ ਹੈ।