ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 20 ਜੁਲਾਈ
ਕੇੇਂਦਰ ਨੇ 42 ਲੱਖ ਅਯੋਗ ਵਿਅਕਤੀਆਂ ਦੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 3000 ਕਰੋੜ(29,92,75,16,000)ਰੁਪਏ ਟਰਾਂਸਫਰ ਕੀਤੇ ਹਨ। ਸਰਕਾਰ ਨੇ ਇਸ ਪੈਸੇ ਦੀ ਉਗਰਾਹੀ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਉਕਤ ਸਕੀਮ ਤਹਿਤ ਫੰਡ ਟਰਾਂਸਫਰ ਕਰਨ ਸਬੰਧੀ ਲੋਕ ਸਭਾ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ ਹੈ। ਉਨ੍ਹਾਂ ਆਪਣੇ ਲਿਖਤੀ ਜਵਾਬ ਵਿੱਚ ਕਿਹਾ ਹੈ ਕਿ ਸਰਕਾਰ ਨੇ ਜਿਨ੍ਹਾਂ 42,16,643 ਅਯੋਗ ਵਿਅਕਤੀਆਂ ਦੇ ਖਾਤੇ ਵਿੱਚ ਇਹ ਪੈਸਾ ਜਮ੍ਹਾਂ ਕਰਾਇਆ ਉਨ੍ਹਾਂ ਵਿਚੋਂ ਜ਼ਿਆਦਾਤਰ ਅਸਾਮ, ਤਾਮਿਲਨਾਡੂ ਅਤੇ ਪੰਜਾਬ ਨਾਲ ਸਬੰਧਤ ਹਨ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕੇਂਦਰ ਹਰ ਵਰ੍ਹੇ ਮੁਲਕ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਟਰਾਂਸਫਰ ਕਰਦਾ ਹੈ।