ਨਵੀਂ ਦਿੱਲੀ, 1 ਅਗਸਤ
ਮੁੱਖ ਅੰਸ਼
- ਕਾਂਗਰਸ ਨੇ ਸਰਕਾਰ ’ਤੇ ਆਰਥਿਕ ਕੁਪ੍ਰਬੰਧ ਦਾ ਦੋਸ਼ ਲਾਇਆ
-
ਕਾਂਗਰਸ ਸਮੇਤ ਵਿਰੋਧੀ ਧਿਰਾਂ ਨੂੰ ਹੋਇਆ ‘ਮੋਦੀ-ਫੋਬੀਆ’: ਭਾਜਪਾ
ਮੌਨਸੂਨ ਇਜਲਾਸ ਦੌਰਾਨ ਅੱਜ ਲੋਕ ਸਭਾ ਵਿੱਚ ਮਹਿੰਗਾਈ ਦੇ ਮੁੱਦੇ ’ਤੇ ਚਰਚਾ ਹੋਈ। ਬਹਿਸ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਭਾਰਤੀ ਅਰਥਚਾਰਾ ਬਹੁਤ ਮਜ਼ਬੂਤ ਹੈ ਤੇ ਇਸ ਨੂੰ ਮੰਦੀ ਜਿਹਾ ਕੋਈ ਜੋਖ਼ਮ ਦਰਪੇਸ਼ ਨਹੀਂ ਹੈ। ਕਾਂਗਰਸ ਹਾਲਾਂਕਿ ਵਿੱਤ ਮੰਤਰੀ ਦੇ ਜਵਾਬ ਨੂੰ ਗੈਰਤਸੱਲੀਬਖ਼ਸ਼ ਦੱਸਦਿਆਂ ਸਦਨ ’ਚੋਂ ਵਾਕਆਊਟ ਕਰ ਗਈ। ਕਾਂਗਰਸ ਨੇ ਉਂਜ ਚਰਚਾ ਦੌਰਾਨ ਪਿਛਲੇ ਅੱਠ ਸਾਲਾਂ ਵਿੱਚ ਆਰਥਿਕ ਦੁਰਪ੍ਰਬੰਧ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਸੀ। ਕਾਂਗਰਸ ਨੇ ਕਿਹਾ ਕਿ ਸਰਕਾਰ ਨੇ ਟੈਕਸ ਤੇ ਜੀਐੱਸਟੀ ਜ਼ਰੀਏ ਆਪਣਾ ਖ਼ਜ਼ਾਨਾ ਤਾਂ ਭਰ ਲਿਆ, ਪਰ ਲੋਕਾਂ ਦੇ ਖੀਸੇ ਖਾਲੀ ਕਰ ਦਿੱਤੇ। ਸੱਤਾਧਾਰੀ ਭਾਜਪਾ ਨੇ ਕਿਹਾ ਕਿ ਕਾਂਗਰਸ ਸਣੇ ਹੋਰਨਾਂ ਵਿਰੋਧੀ ਧਿਰਾਂ ਨੂੰ ‘ਮੋਦੀ-ਫੋਬੀਆ’ ਹੋ ਗਿਆ ਹੈ ਅਤੇ ਕਰੋਨਾ ਸੰਕਟ ਦਰਮਿਆਨ ਵੀ ਦੇਸ਼ ਖ਼ੁਸ਼ ਹੈ ਤੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਬਣਦਾ ਹੈ।
ਵਿੱਤ ਮੰਤਰੀ ਨੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਜੀਐੱਸਟੀ ਕੁਲੈਕਸ਼ਨ ਤੇ ਪਰਚੇਜ਼ਿੰਗ ਮੈਨੇਜਰ’ਜ਼ ਸੂਚਕ ਅੰਕ (ਪੀਐੱਮਆਈ) ਤੋਂ ਸਾਫ਼ ਹੈੈ ਕਿ ਭਾਰਤੀ ਅਰਥਚਾਰਾ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਕੁਲੈਕਸ਼ਨ ਵਿੱਚ 28 ਫੀਸਦ ਦੇ ਇਜ਼ਾਫੇ ਨਾਲ ਜੁਲਾਈ ਵਿੱਚ 1.49 ਲੱਖ ਕਰੋੜ ਰੁਪਏ ਦੇ ਸਿਖਰਲੇ ਪੱਧਰ ’ਤੇ ਸੀ। ਉਨ੍ਹਾਂ ਕਿਹਾ ਕਿ ਛੇਵੀਂ ਵਾਰ ਹੈ ਜਦੋਂ ਮਾਸਿਕ ਜੀਐੱਸਟੀ ਕੁਲੈਕਸ਼ਨ ਨੇ 1.40 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਬੈਂਕਿੰਗ ਸੈਕਟਰ ਵੀ ਹੋਰਨਾਂ ਮੁਲਕਾਂ ਦੇ ਮੁਕਾਬਲੇ ਸਿਹਤਮੰਦ ਹੈ। ਕਮਰਸ਼ੀਅਲ ਬੈਂਕਾਂ ਦੇ ਕੁੱਲ ਐੱਨਪੀਏ’ਜ਼ (ਡੁੱਬੇ ਕਰਜ਼ੇ) 5.9 ਫੀਸਦ ਨਾਲ ਛੇ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹਨ। ਇਸ ਤਰ੍ਹਾਂ ਪ੍ਰਚੂਨ ਮਹਿੰਗਾਈ ਨੂੰ 7 ਫੀਸਦ ਤੋਂ ਹੇਠਾਂ ਰੱਖਣ ਲਈ ਯਤਨ ਕੀਤੇ ਗਏ ਹਨ। ਵਿੱਤ ਮੰਤਰੀ ਦੇ ਇਸ ਜਵਾਬ ਤੋਂ ਨਾਖੁਸ਼ ਕਾਂਗਰਸੀ ਮੈਂਬਰ ਸਦਨ ’ਚੋਂ ਵਾਕਆਊਟ ਕਰ ਗਏ।
ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਨੇਮ 193 ਅਧੀਨ ‘ਮਹਿੰਗਾਈ’ ਉੱਤੇ ਚਰਚਾ ਦਾ ਆਗਾਜ਼ ਕਰਦਿਆਂ ਕਿਹਾ ਕਿ ਪੈਟਰੋਲੀਅਮ ਉਤਪਾਦਾਂ ’ਤੇ ਟੈਕਸ ਅਤੇ ਜੀਐੱਸਟੀ ਨਾਲ ਸਰਕਾਰ ਨੇ ਆਪਣਾ ਬਜਟ ਪੂਰਾ ਕਰ ਲਿਆ ਹੋਵੇਗਾ ਤੇ ਆਪਣੇ ਖ਼ਜ਼ਾਨੇ ਵੀ ਭਰ ਲਏ, ਪਰ ਦੇਸ਼ ਦੇ ਕਰੋੜਾਂ ਪਰਿਵਾਰਾਂ ਦਾ ਬਜਟ ਵਿਗਾੜ ਦਿੱਤਾ ਤੇ ਅਸਮਾਨੀ ਪੁੱਜੀ ਮਹਿੰਗਾਈ ਕਰਕੇ ਗਰੀਬੀ ਵਧਦੀ ਜਾ ਰਹੀ ਹੈ। ਮਨੀਸ਼ ਤਿਵਾੜੀ ਨੇ ਅੰਕੜਿਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਦੇਸ਼ ਵਿੱਚ 2008 ਤੋਂ 2014 ਤੱਕ, ਜਦੋਂ ਯੂਪੀਏ ਸਰਕਾਰ ਸੀ, 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉਪਰ ਚੁੱਕਿਆ ਗਿਆ, ਪਰ 2021 ਵਿੱਚ ਆਈ ਰਿਪੋਰਟ ਮੁਤਾਬਕ 23 ਕਰੋੜ ਲੋਕ ਮੁੜ ਗਰੀਬੀ ਰੇਖਾ ਤੋਂ ਹੇਠਾਂ ਧੱਕੇ ਗਏ ਹਨ। ਤਿਵਾੜੀ ਨੇ ਕਿਹਾ ਕਿ ਦੇਸ਼ ਵਿੱਚ 77 ਫੀਸਦ ਧਨ ਦੌਲਤ ਇਕ ਫੀਸਦ ਲੋਕਾਂ ਕੋਲ ਹੈ ਤੇ ਅਰਬਪਤੀ 100 ਤੋਂ ਵਧ ਕੇ 142 ਹੋ ਗਏ ਹਨ ਜਦੋਂਕਿ ਗਰੀਬਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਸਭ ਤੋਂ ਅਮੀਰ 92 ਲੋਕਾਂ ਕੋਲ 55 ਕਰੋੜ ਭਾਰਤੀਆਂ ਦੀ ਧਨ ਦੌਲਤ ਦੇ ਬਰਾਬਰ ਸੰਪਤੀ ਹੈ। ਤਿਵਾੜੀ ਨੇ ਕਿਹਾ, ‘‘ਇਸ ਦੀ ਸ਼ੁਰੂਆਤ 8 ਨਵੰਬਰ 2016 ਨੂੰ ਹੋਈ ਸੀ, ਜਦੋਂ ਸਰਕਾਰ ਨੇ ਬਿਨਾਂ ਕਿਸੇ ਸੋਚ ਵਿਚਾਰ ਦੇ ਨੋਟਬੰਦੀ ਲਾਗੂ ਕੀਤੀ ਸੀ। ਸਰਕਾਰ ਨੇ ਸਦਨ ਨੂੰ ਅੱਜ ਤੱਕ ਨਹੀਂ ਦੱਸਿਆ ਕਿ ਇਹ ਫੈਸਲਾ ਕਿਉਂ ਲਿਆ ਗਿਆ ਤੇ ਦੇਸ਼ ਉੱਤੇ ਇਸ ਦਾ ਕੀ ਅਸਰ ਹੋਇਆ।’’ ਉਨ੍ਹਾ ਕਿਹਾ ਕਿ ਨੋਟਬੰਦੀ ਨਾਲ ਜੀਡੀਪੀ ਵਿਕਾਸ ਦਰ ਘਟਦੇ ਘਟਦੇ 2021-22 ਵਿੱਚ ਘੱਟ ਹੋ ਗਈ। ਤਿਵਾੜੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਰਕੇ ਅਰਥਚਾਰੇ ’ਤੇ ਅਸਰ ਪਿਆ, ਪਰ ਇਸ ਦਾ ਇਕੋ ਇਕ ਕਾਰਨ ਕੋਵਿਡ ਨਹੀਂ ਹੈ ਤੇ ਅਰਥਚਾਰਾ ਲਗਾਤਾਰ ਡਿੱਗਦਾ ਜਾ ਰਿਹਾ ਸੀ। ਕਾਂਗਰਸ ਆਗੂ ਨੇ ਕਿਹਾ ਕਿ ਨੋਟਬੰਦੀ ਤੇ ਜੀਐੱਸਟੀ ਦਾ ਅਸਰ ਰੁਜ਼ਗਾਰ ’ਤੇ ਵੀ ਪਿਆ ਤੇ 2017 ਵਿੱਚ ਬੇਰੁਜ਼ਗਾਰੀ ਦਰ ਵਧ ਕੇ ਜੂਨ 2022 ਵਿੱਚ 7.8 ਫੀਸਦ ਹੋ ਗਈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਬੇਰੁਜ਼ਗਾਰੀ ਘੱਟ ਕਰਨ ਲਈ ਕੋਈ ਰਣਨੀਤੀ ਨਹੀਂ ਹੈ। ਉਨ੍ਹਾਂ ਕਿਹਾ, ‘‘ਅੱਜ ਜੋ ਕੁਝ ਹੋ ਰਿਹੈ, ਉਸ ਦਾ ਕਰਨ ਪਿਛਲੇ ਅੱਠ ਸਾਲ ਦਾ ਮਾੜਾ ਆਰਥਿਕ ਪ੍ਰਬੰਧਨ ਹੈ।’’ ਤਿਵਾੜੀ ਨੇ ਕਿਹਾ, ‘‘ਸਰਕਾਰ ਆਪਣਾ ਖ਼ਜ਼ਾਨਾ ਤਾਂ ਭਰਦੀ ਰਹੀ, ਪਰ ਲੋਕਾਂ ਦੀਆਂ ਜੇਬਾਂ ਖਾਲੀ ਕਰਦੀ ਰਹੀ।’’
ਉਧਰ ਦੂਬੇ ਨੇ ਕਿਹਾ ਕਿ ਕੋਵਿਡ ਮਗਰੋਂ ਕਈ ਦੇਸ਼ਾ ਦੀ ਹਾਲਤ ਖਰਾਬ ਹੈ, ਸਾਰੀਆਂ ਥਾਵਾਂ ’ਤੇ ਰੁਜ਼ਗਾਰ ਖੁੱਸ ਰਹੇ ਹਨ ਤੇ ਮਹਿੰਗਾਈ ਵੱਧ ਰਹੀ, ਪਰ ਇਨ੍ਹਾਂ ਹਾਲਾਤ ਵਿੱਚ ਵੀ ਦੇਸ਼ ਬਦਲ ਰਿਹਾ ਹੈ ਤੇ ਖ਼ੁਸ਼ ਹੈ ਤੇ ਇਥੇ ਪਿੰਡ, ਗਰੀਬ, ਆਦਿਵਾਸੀ ਕਿਸਾਨ ਨੂੰ ਸਨਮਾਨ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਰਕਾਰ ਦੇ ਆਉਣ ਤੋਂ ਪਹਿਲਾਂ ਸਦਨ ਵਿੱਚ ਕਿਸਾਨ ਖੁ਼ਦਕੁਸ਼ੀਆਂ ਦੇ ਵਿਸ਼ੇ ’ਤੇ ਗੱਲ ਹੁੰਦੀ ਸੀ, ਪਰ ਪਿਛਲੇ ਅੱਠ ਸਾਲਾਂ ਵਿੱਚ ਇਹ ਮੁੱਦਾ ਸਦਨ ਵਿੱਚ ਨਹੀਂ ਉੱਠਿਆ ਕਿਉਂਕਿ ਸਰਕਾਰ ਨੇ ਕਿਸਾਨਾਂ ਨੂੰ ਤਾਕਤ ਦਿੱਤੀ ਹੈ। ਉਨ੍ਹਾਂ ਵਿਰੋਧੀ ਧਿਰ ਖਾਸ ਤੌਰ ’ਤੇ ਕਾਂਗਰਸ ਉੱਤੇ ‘ਮੋਦੀਫੋਬੀਆ’ ਤੋਂ ਗ੍ਰਸਤ ਹੋਣ ਦਾ ਦੋਸ਼ ਲਾਇਆ। ਦੂਬੇ ਨੇ ਮਹਿੰਗਾਈ ਵਧਣ ਲਈ ਰੂਸ-ਯੂਕਰੇਨ ਜੰਗ ਤੇ ਹੋਰ ਕਈ ਕਾਰਨਾਂ ਦੇ ਹਵਾਲੇ ਦਿੱਤੇ। ਦੂਬੇ ਨੇ ਪੰਜਾਬ, ਰਾਜਸਥਾਨ, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਜਿਹੇ ਕਈ ਗੈਰ-ਭਾਜਪਾ ਸ਼ਾਸਿਤ ਰਾਜਾਂ ਦੇ ਹਵਾਲੇ ਨਾਲ ਕਿਹਾ ਕਿ ਕਰਜ਼ਾ ਲੈ ਕੇ ਮੁਫ਼ਤ ਦੀਆਂ ਚੀਜ਼ਾਂ ਵੰਡਣ ਕਰਕੇ ਵੀ ਅੱਜ ਅਰਥਚਾਰੇ ਦਾ ਇਹ ਹਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਰਬੀਆਈ ਇਨ੍ਹਾਂ ਰਾਜਾਂ ਨੂੰ ਪੈਸਾ ਦੇਣ ਲਈ ਤਿਆਰ ਨਹੀਂ ਹੈ। -ਪੀਟੀਆਈ
ਗਤੀ ਸ਼ਕਤੀ ਯੂਨੀਵਰਸਿਟੀ ਬਿੱਲ ਪੇਸ਼
ਲੋਕ ਸਭਾ ਵਿੱਚ ਗਤੀ ਸ਼ਕਤੀ ਯੂਨੀਵਰਸਿਟੀ ਬਿੱਲ ਪੇਸ਼ ਕੀਤਾ ਗਿਆ। ਇਸ ਬਿੱਲ ਦਾ ਮੁਖ ਮਕਸਦ ਨੈਸ਼ਨਲ ਰੇਲ ਤੇ ਟਰਾਂਸਪੋਰਟੇਸ਼ਨ ਯੂਨੀਵਰਸਿਟੀ ਨੂੰ ਗਤੀ ਸ਼ਕਤੀ ਵਿਸ਼ਵਵਿਦਿਆਲਾ, ਜੋ ਖ਼ੁਦਮੁਖਤਾਰ ਕੇਂਦਰੀ ਯੂਨੀਵਰਸਿਟੀ ਹੋਵੇਗੀ, ਵਿੱਚ ਤਬਦੀਲ ਕਰਨਾ ਹੈ। ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਪੇਸ਼ ਕੇਂਦਰੀ ਯੂਨੀਵਰਸਿਟੀਜ਼ (ਸੋਧ) ਬਿੱਲ ਵਿੱਚ ਰੇਲਵੇਜ਼ ਤੋਂ ਪਰ੍ਹੇ ਯੂਨੀਵਰਸਿਟੀ ਦੇ ਘੇਰੇ ਨੂੰ ਵੀ ਮੋਕਲਾ ਕਰਦਿਆਂ ਇਸ ਵਿੱਚ ਪੂਰੇ ਟਰਾਂਸਪੋਰਟ ਸੈਕਟਰ ਨੂੰ ਸ਼ਾਮਲ ਕਰਨ ਦੀ ਵਿਵਸਥਾ ਰੱਖੀ ਗਈ ਹੈ। ਕੇਂਦਰੀ ਯੂਨੀਵਰਸਿਟੀਜ਼ ਸੋਧ ਬਿੱਲ 2022 ਕੇਂਦਰੀ ਯੂਨੀਵਰਸਿਟੀਜ਼ ਐਕਟ 2009 ਦੀ ਥਾਂ ਲਏਗਾ।
ਕਮਰਸ਼ੀਅਲ ਸਿਲੰਡਰ 36 ਰੁਪਏ ਸਸਤਾ ਹੋਇਆ
ਨਵੀਂ ਦਿੱਲੀ: ਕਮਰਸ਼ਲ ਐੱਲਪੀਜੀ ਸਿਲੰਡਰ, ਜਿਸ ਦਾ ਵਜ਼ਨ 19 ਕਿਲੋ ਹੁੰਦਾ ਹੈ, ਅੱਜ ਤੋਂ 36 ਰੁਪਏ ਸਸਤਾ ਹੋ ਗਿਆ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ ਕਮਰਸ਼ਲ ਸਿਲੰਡਰ ਦੀ ਕੀਮਤ ਹੁਣ 1976.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ। ਇਸ ਤੋਂ ਪਹਿਲਾਂ 6 ਜੁਲਾਈ ਨੂੰ ਕਮਰਸ਼ਲ ਸਿਲੰਡਰ ਦੀ ਕੀਮਤ ਵਿੱਚ ਸਾਢੇ ਅੱਠ ਰੁਪਏ ਦੀ ਕਟੌਤੀ ਕੀਤੀ ਗਈ ਸੀ। -ਪੀਟੀਆਈ
‘ਗਰੀਬਾਂ ਨੂੰ ਦੋ ਵੇਲੇ ਦੀ ਰੋਟੀ ਲਈ ਮੋਦੀ ਦਾ ਧੰਨਵਾਦ ਕਰਨਾ ਬਣਦਾ ਹੈ’
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਚਰਚਾ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਜਿਨ੍ਹਾਂ ਹਾਲਾਤ ਵਿੱਚ ਦੇਸ਼ ਦੀ ਕਮਾਨ ਸੰਭਾਲੀ ਸੀ ਤੇ ਅੱਜ ਕੋਵਿਡ-19 ਮਗਰੋਂ ਜੋ ਹਾਲਾਤ ਹਨ, ਉੁਸ ਦੇ ਬਾਵਜੂਦ ਗਰੀਬਾਂ ਨੂੰ ‘ਦੋ ਵੇਲੇ ਦੀ ਰੋਟੀ’ ਮਿਲ ਰਹੀ ਹੈ, ਜਿਸ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਹੋਰ ਮੁਲਕਾਂ ਨਾਲੋਂ ਭਾਰਤ ਦਾ ਅਰਥਚਾਰਾ ਵਧੀਆ ਹਾਲਤ ਵਿੱਚ ਹੈ ਅਤੇ ਸਰਕਾਰ ਉਸ ਵਿੱਚ ਹੋਰ ਸੁਧਾਰ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ।
ਬਿਰਲਾ ਨੇ ਚਾਰ ਕਾਂਗਰਸੀ ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਫੈਸਲਾ ਵਾਪਸ ਲਿਆ
ਨਵੀਂ ਦਿੱਲੀ, 1 ਅਗਸਤ
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਤਖ਼ਤੀਆਂ ਲਿਆ ਕੇ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਦੇ ਦੋਸ਼ ਵਿੱਚ ਚਾਰ ਕਾਂਗਰਸੀ ਮੈਂਬਰਾਂ ਨੂੰ ਹਫ਼ਤਾ ਪਹਿਲਾਂ ਮੁਅੱਤਲ ਕਰਨ ਦਾ ਫੈਸਲਾ ਅੱਜ ਵਾਪਸ ਲੈ ਲਿਆ। ਵਿਰੋਧੀ ਧਿਰਾਂ ਨੇ ਸਪੀਕਰ ਨੂੰ ਯਕੀਨ ਦਿਵਾਇਆ ਕਿ ਮੈਂਬਰ ਸਦਨ ਵਿੱਚ ਤਖ਼ਤੀਆਂ ਨਹੀਂ ਲਿਆਉਣਗੇ, ਜਿਸ ਮਗਰੋਂ ਉਨ੍ਹਾਂ ਦੀ ਮੁਅੱਤਲੀ ਵਾਪਸ ਲੈ ਲਈ ਗਈ। ਬਿਰਲਾ ਨੇ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਦਨ ਦੀ ਕਾਰਵਾਈ ਨਾਲ ਜੁੜੇ ਨੇਮਾਂ, ਜੋ ਮੈਂਬਰਾਂ ਨੂੰ ਸਦਨ ਵਿੱਚ ਤਖ਼ਤੀਆਂ ਵਿਖਾਉਣ ਤੋਂ ਰੋਕਦੇ ਹਨ, ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ। ਚਾਰ ਕਾਂਗਰਸੀ ਮੈਂਬਰਾਂ-ਮਨੀਕਮ ਟੈਗੋਰ, ਰਾਮਿਆ ਹਰੀਦਾਸ, ਟੀ.ਐੱਨ.ਪ੍ਰਤਾਪਨ ਤੇ ਐੱਸ.ਜੋਤੀਮਣੀ ਨੂੰ ਪਿਛਲੇ ਸੋਮਵਾਰ ਨੂੰ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਤੇ ਐਨ ਵਿਚਾਲੇ ਆ ਕੇ ਤਖਤੀਆਂ ਵਿਖਾਉਂਦਿਆਂ ਨਾਅਰੇਬਾਜ਼ੀ ਕਰਨ ਦੇ ਦੋਸ਼ ਵਿੱਚ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਮੌਨਸੂਨ ਇਜਲਾਸ 18 ਜਲਾਈ ਤੋਂ ਸ਼ੁਰੂ ਹੋਇਆ ਸੀ ਤੇ ਵਿਰੋਧੀ ਧਿਰਾਂ ਦੇ ਮਹਿੰਗਾਈ ਤੇ ਹੋਰਨਾਂ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਪੈਂਦੇ ਰੌਲੇ-ਰੱਪੇ ਕਰਕੇ ਕੋਈ ਵੀ ਸੰਸਦੀ ਕੰਮ ਸਿਰੇ ਨਹੀਂ ਚੜ੍ਹ ਸਕਿਆ। ਇਸ ਦੌਰਾਨ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵੀ ਸਦਨ ਦੀ ਕਾਰਵਾਈ ’ਚ ਅੜਿੱਕਾ ਪੈਂਦਾ ਰਿਹਾ। ਮੁਅੱਤਲੀ ਦਾ ਫੈਸਲਾ ਵਾਪਸ ਲੈਣ ਮਗਰੋਂ ਸਦਨ ਆਮ ਵਾਂਗ ਜੁੜਿਆ। ਸਪੀਕਰ ਨੇ ਸਦਨ ਵਿੱਚ ਬਣੇ ਜਮੂਦ ਨੂੰ ਤੋੜਨ ਲਈ ਅੱਜ ਸਦਨ ਦੇ ਆਗੂਆਂ ਦੀ ਮੀਟਿੰਗ ਵੀ ਕੀਤੀ। ਲੋਕ ਸਭਾ ਬਾਅਦ ਦੁਪਹਿਰ 2 ਵਜੇ ਜੁੜੀ ਤਾਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਸਦਨ ਵਿੱਚ ਜੋ ਕੁਝ ਹੋਇਆ, ਉਸ ਨਾਲ ਉਨ੍ਹਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਦੀ ਮਰਿਆਦਾ ਨੂੰ ਕਾਇਮ ਰੱਖਣ। ਸਪੀਕਰ ਨੇ ਕਿਹਾ, ‘‘ਇਸ ਗੱਲ ’ਤੇ ਸਹਿਮਤੀ ਹੋਣੀ ਚਾਹੀਦੀ ਹੈ ਕਿ ਅਸੀਂ ਸਦਨ ਵਿੱਚ ਤਖ਼ਤੀਆਂ ਨਾ ਲਿਆਈਏ। ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਾਂਗਾ ਕਿ ਉਹ ਸਦਨ ਵਿਚ ਤਖ਼ਤੀਆਂ ਨਾ ਲਿਆਉਣ। ਮੈਂ ਆਖਰੀ ਚਿਤਾਵਨੀ ਦੇ ਰਿਹਾ ਹਾਂ, ਜੇਕਰ ਕਿਸੇ ਨੇ ਸਦਨ ਵਿੱਚ ਤਖ਼ਤੀਆਂ ਲਿਆਂਦੀਆਂ ਤਾਂ ਮੈਂ ਨਾ ਸਰਕਾਰ ਦੀ ਸੁਣਾਂਗਾ ਤੇ ਨਾ ਹੀ ਵਿਰੋਧੀ ਧਿਰ ਦੀ ਅਤੇ ਕਾਰਵਾਈ ਕਰਾਂਗਾ।’’ ਉਧਰ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਗੱਲ ਨਾ ਸੁਣੇ ਜਾਣ ਕਰਕੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨਾ ਪੈਂਦਾ ਹੈ। ਉਂਜ ਚੌਧਰੀ ਨੇ ਸਪੀਕਰ ਨੂੰ ਭਰੋਸਾ ਦਿੱਤਾ ਕਿ ਉਹ ਮੁਅੱਤਲ ਮੈਂਬਰਾਂ ਤੱਕ ਉਨ੍ਹਾਂ ਦੇ ਵਿਚਾਰ ਪੁੱਜਦੇ ਕਰ ਦੇਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਚੇਅਰ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੋਈ ਇਰਾਦਾ ਨਹੀਂ ਸੀ। -ਪੀਟੀਆਈ