ਨਵੀਂ ਦਿੱਲੀ: ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ ਵੀਡੀਓਜ਼ ਬਲਾਕ ਕਰ ਦਿੱਤੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਫ਼ਰਜ਼ੀ ਖ਼ਬਰਾਂ ਅਤੇ ਤੱਥ ਵਿਗਾੜ ਕੇ ਪੇਸ਼ ਕੀਤੀ ਸਮੱਗਰੀ ਸੀ। ਇਕ ਅਧਿਕਾਰੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਬਲਾਕ ਕੀਤੀਆਂ ਗਈਆਂ ਇਨ੍ਹਾਂ ਵੀਡੀਓਜ਼ ਦੇ 1.30 ਕਰੋੜ ਤੋਂ ਵੱਧ ਦਰਸ਼ਕ ਸਨ। ਇਨ੍ਹਾਂ ਵੀਡੀਓਜ਼ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਨੇ ਕੁਝ ਫਿਰਕਿਆਂ ਦੇ ਧਾਰਮਿਕ ਹੱਕ ਖੋਹ ਲਏ ਹਨ। ਸ੍ਰੀ ਠਾਕੁਰ ਨੇ ਕਿਹਾ, ‘‘ਇਨ੍ਹਾਂ ਚੈਨਲਾਂ ਵਿੱਚ ਅਜਿਹੀ ਸਮੱਗਰੀ ਸੀ, ਜਿਨ੍ਹਾਂ ਨਾਲ ਫਿਰਕਿਆਂ ਵਿੱਚ ਡਰ ਤੇ ਗਲਤਫਹਿਮੀ ਪੈਦਾ ਹੋਵੇ।’’ ਇਕ ਸਰਕਾਰੀ ਬਿਆਨ ਅਨੁਸਾਰ ਬਲਾਕ ਕੀਤੀ ਗਈ ਗਈ ਸਮੱਗਰੀ ਵਿੱਚ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਵਜੋਂ ਫ਼ਰਜ਼ੀ ਖ਼ਬਰਾਂ ਅਤੇ ਅਸਲ ਸਮੱਗਰੀ ਨਾਲ ਛੇੜਛਾੜ ਕਰ ਕੇ ਪਾਈਆਂ ਗਈਆਂ ਵੀਡੀਓਜ਼ ਸ਼ਾਮਲ ਸਨ। ਬਿਆਨ ’ਚ ਕਿਹਾ ਗਿਆ, ‘‘ਮੰਤਰਾਲੇ ਵੱਲੋਂ ਬਲਾਕ ਕੀਤੀਆਂ ਗਈਆਂ ਕੁਝ ਵੀਡੀਓਜ਼ ਦਾ ਇਸਤੇਮਾਲ ਅਗਨੀਪਥ ਯੋਜਨਾ, ਭਾਰਤੀ ਹਥਿਆਰਬੰਦ ਬਲਾਂ, ਕੌਮੀ ਸੁਰੱਖਿਆ ਉਪਕਰਨ ਤੇ ਕਸ਼ਮੀਰ ਵਰਗੇ ਮੁੱਦਿਆਂ ’ਤੇ ਗਲਤ ਜਾਣਕਾਰੀ ਫੈਲਾਉਣ ਲਈ ਕੀਤਾ ਜਾ ਰਿਹਾ ਸੀ।’’
ਬਿਆਨ ਮੁਤਾਬਕ ਕੌਮੀ ਸੁਰੱਖਿਆ ਅਤੇ ਭਾਰਤ ਦੇ ਹੋਰ ਮੁਲਕਾਂ ਨਾਲ ਦੋਸਤਾਨਾ ਸਬੰਧਾਂ ਦੇ ਨਜ਼ਰੀਏ ਨਾਲ ਵੀਡੀਓਜ਼ ਦੀ ਸਮੱਗਰੀ ਗਲਤ ਤੇ ਸੰਵੇਦਨਸ਼ੀਲ ਪਾਈ ਗਈ। ਵੀਡੀਓਜ਼ ਬਲਾਕ ਕਰਨ ਦੇ ਇਹ ਹੁਕਮ 23 ਸਤੰਬਰ ਨੂੰ ਸੂਚਨਾ ਤਕਨਾਲੋਜੀ (ਵਿਚੋਲਗੀ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਦੇ ਪ੍ਰਬੰਧਾਂ ਅਧੀਨ ਜਾਰੀ ਕੀਤੇ ਗਏ ਹਨ।
ਠਾਕੁਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਫਿਰਕੂ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ 102 ਯੂ-ਟਿਊਬ ਚੈਨਲ ਅਤੇ ਫੇਸਬੁੱਕ ਅਕਾਊਂਟ ਬਲਾਕ ਕੀਤੇ ਗਏ ਸਨ। -ਪੀਟੀਆਈ