ਦੇਹਰਾਦੂਨ, 17 ਮਈ
ਉਤਰਾਖੰਡ ਸਥਿਤ ਕੇਦਾਰਨਾਥ ਧਾਮ ਦੇ ਕਿਵਾੜ ਸਰਦੀਆਂ ਦੌਰਾਨ ਛੇ ਮਹੀਨੇ ਬੰਦ ਰੱਖੇ ਜਾਣ ਮਗਰੋਂ ਅੱਜ ਖੋਲ੍ਹ ਦਿੱਤੇ ਗਏ ਹਨ। ਪਹਿਲੀ ਪੂਜਾ ਅੱਜ ਪੁਜਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ। ਕਰੋਨਾਵਾਇਰਸ ਦੇ ਮੱਦੇਨਜ਼ਰ ਸਿਰਫ਼ ਕੁਝ ਵਿਅਕਤੀਆਂ ਨੇ ਹੀ ਮੰਦਰ ਖੋਲ੍ਹਣ ਦੀ ਰਸਮ ਵਿਚ ਹਿੱਸਾ ਲਿਆ। ਲਗਾਤਾਰ ਦੂਜੇ ਸਾਲ ਕਰੋਨਾ ਦੇ ਪਰਛਾਵੇਂ ਹੇਠ ਮੰਦਰ ਖੋਲ੍ਹਿਆ ਗਿਆ ਹੈ। ਪਿਛਲੇ ਸਾਲ ਇਹ ਧਾਮ ਜ਼ਿਆਦਾਤਰ ਸ਼ਰਧਾਲੂਆਂ ਦੀ ਪਹੁੰਚ ਤੋਂ ਬਾਹਰ ਹੀ ਰਿਹਾ। ਚਾਰਧਾਮ ਦੇਵਸਥਾਨਮ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਿਮਾਲਿਆ ਦੀਆਂ ਚੋਟੀਆਂ ਨਾਲ ਘਿਰਿਆ ਇਹ ਮੰਦਰ ਅੱਜ ਸਵੇਰੇ ਪੰਜ ਵਜੇ ਖੋਲ੍ਹਿਆ ਗਿਆ। ਮੰਦਰ ਦੇ ਕਿਵਾੜ ਖੁੱਲ੍ਹਣ ’ਤੇ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਲੋਕਾਂ ਦੀ ਭਲਾਈ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਮਹਾਮਾਰੀ ਦਾ ਅਸਰ ਘਟਦਿਆਂ ਹੀ ਯਾਤਰੀਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। -ਪੀਟੀਆਈ