ਸ੍ਰੀਨਗਰ, 9 ਸਤੰਬਰ
ਮੀਰਵਾਈਜ਼ ਉਮਰ ਫਾਰੂਕ ਦੀ ਅਗਵਾਈ ਵਾਲੀ ਹੁਰੀਅਤ ਕਾਨਫ਼ਰੰਸ ਨੇ ਅੱਜ ਆਸ ਪ੍ਰਗਟਾਈ ਹੈ ਕਿ ਅਫ਼ਗਾਨਿਸਤਾਨ ਵਿਚ ਨਵੀਂ ਸਰਕਾਰ ਬਣਨ ਨਾਲ ਇਸ ਮੁਲਕ ਵਿਚ ਚਾਰ ਦਹਾਕਿਆਂ ਤੋਂ ਚੱਲਿਆ ਆ ਰਿਹਾ ਸੰਘਰਸ਼ ਅਤੇ ਅਨਿਸ਼ਚਿਤਤਾ ਖ਼ਤਮ ਹੋ ਜਾਵੇਗੀ।
ਹੁਰੀਅਤ ਨੇ ਆਸ ਪ੍ਰਗਟਾਈ ਕਿ ਇਸ ਜੰਗ ਪ੍ਰਭਾਵਿਤ ਮੁਲਕ ਵਿਚ ਨਵੀਂ ਬਣੀ ਸਰਕਾਰ ਸਾਰੇ ਵਰਗਾਂ ਦੀ ਸ਼ਮੂਲੀਅਤ ਵਾਲੀ ਅਤੇ ਵਿਆਪਕ ਪੱਧਰੀ ਸਰਕਾਰ ਹੋਵੇਗੀ। ਹੁਰੀਅਤ ਨੇ ਇੱਥੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਜ਼ਰੂਰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਕਿ ਇਸਲਾਮ ਧਰਮ ਮਨੁੱਖੀ ਬਰਾਬਰਤਾ ਤੇ ਅਧਿਕਾਰ, ਆਰਥਿਕ ਨਿਰਪੱਖਤਾ ਤੇ ਹਰੇਕ ਧਰਮ ਦਾ ਸਨਮਾਨ ਕਰਨ ਸਬੰਧੀ ਮੌਲਿਕ ਕਦਰਾਂ-ਕੀਮਤਾਂ ਦੇ ਰੂਪ ਵਿਚ ਸਮਰਥਨ ਕਰਨ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੈ। -ਪੀਟੀਆਈ