ਨਵੀਂ ਦਿੱਲੀ, 5 ਅਗਸਤ
ਦਿੱਲੀ ਹਾਈ ਕੋਰਟ ਨੇ ਭਾਜਪਾ ਆਗੂਆਂ ਅਨੁਰਾਗ ਠਾਕੁਰ ਤੇ ਪਰਵੇਸ਼ ਵਰਮਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕਰਦੀ ਸੀਪੀਐੱਮ ਆਗੂ ਬਰਿੰਦਾ ਕਰਾਤ ਦੀ ਪਟੀਸ਼ਨ ’ਤੇ ਮੈਜਿਸਟਰੇਟੀ ਅਦਾਲਤ ਨੂੰ ਕਾਨੂੰਨ ਮੁਤਾਬਕ ਕਾਰਵਾਈ ਕਰਨ ਲਈ ਕਿਹਾ ਹੈ। ਕਰਾਤ ਨੇ ਪਟੀਸ਼ਨ ਵਿੱਚ ਠਾਕੁਰ ਤੇ ਵਰਮਾ ਵੱਲੋਂ ਦਿੱਲੀ ਚੋਣਾਂ ਦੌਰਾਨ ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੀਤੀਆਂ ਕਥਿਤ ਨਫ਼ਰਤੀ ਤਕਰੀਰਾਂ ਲਈ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਚੀਫ਼ ਜਸਟਿਸ ਡੀ.ਐੱਨ.ਪਟੇਲ ਤੇ ਪ੍ਰਤੀਕ ਜਲਾਨ ਦੇ ਬੈਂਚ ਨੇ ਇਹ ਹੁਕਮ ਕਰਾਤ ਦੇ ਵਕੀਲ ਦੀ ਉਸ ਅਪੀਲ ’ਤੇ ਕੀਤੇ ਹਨ। ਕਰਾਤ ਦੇ ਵਕੀਲ ਨੇ ਕਿਹਾ ਕਿ ਹੇਠਲੀ ਅਦਾਲਤ ਨੇ 26 ਫਰਵਰੀ ਨੂੰ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁੁਣਨ ਮਗਰੋਂ ਉਹਦੀ ਅਪੀਲ ’ਤੇ ਫੈਸਲਾ ਰਾਖਵਾਂ ਰੱੱਖ ਲਿਆ, ਪਰ ਇਹ ਕਹਿੰਦਿਆਂ ਫੈਸਲਾ ਨਹੀਂ ਸੁਣਾਇਆ ਕਿ ਸਬੰਧਤ ਮੁੱਦਿਆਂ ਦੀ ਹਾਈ ਕੋਰਟ ’ਚ ਸੁਣਵਾਈ ਬਕਾਇਆ ਹੈ। -ਪੀਟੀਆਈ