ਨਵੀਂ ਦਿੱਲੀ, 23 ਸਤੰਬਰ
ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਜਾਣੂ ਕਰਵਾਇਆ ਕਿ ਰੂਸ ਨਾਲ ਜੰਗ ਦੇ ਮੱਦੇਨਜ਼ਰ ਯੂਕਰੇਨ ਤੋਂ ਭਾਰਤ ਮੁੜੇ ਮੈਡੀਕਲ ਵਿਦਿਆਰਥੀਆਂ ਦੀ ਮਦਦ ਲਈ ਸਰਕਾਰ ਵੱਲੋਂ ਅਦਾਲਤ ਦੀ ਸਲਾਹ ’ਤੇ ਕੰਮ ਕੀਤਾ ਜਾ ਰਿਹਾ ਹੈ। ਸਿਖਰਲੀ ਅਦਾਲਤ ਨੇ 16 ਸਤੰਬਰ ਨੂੰ ਸਲਾਹ ਦਿੱਤੀ ਸੀ ਕਿ ਕੇਂਦਰ ਸਰਕਾਰ ਵੈੱਬ ਪੋਰਟਲ ਤਿਆਰ ਕਰਕੇ ਉਸ ’ਤੇ ਉਨ੍ਹਾਂ ਵਿਦੇਸ਼ ਯੂਨੀਵਰਸਿਟੀਆਂ ਦਾ ਵੇਰਵਾ ਦੇ ਕੇ ਯੂੁਕਰੇਨ ਤੋਂ ਮੁੜੇ ਮੈਡੀਕਲ ਵਿਦਿਆਰਥੀਆਂ ਦੀ ਮਦਦ ਕਰ ਸਕਦੀ ਹੈ, ਜਿੱਥੇ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ। ਕੇਂਦਰ ਸਰਕਾਰ ਵੱਲੋਂ ਪੇਸ਼ ਵਕੀਲ ਨੇ ਜਸਟਿਸ ਹੇਮੰਤ ਗੁਪਤਾ ਅਤੇ ਸੁਧਾਂਸ਼ੁੂ ਗੁਪਤਾ ਦੇ ਬੈਂਚ ਨੂੰ ਦੱਸਿਆ, ‘‘ਕੇਂਦਰ ਨੇ ਇਸ ਸਬੰਧ ਵਿੱਚ ਵਿਦੇਸ਼ ਮੰਤਰਾਲੇ ਅਤੇ ਸਿਹਤ ਮੰਤਰਾਲੇ ਦੇ ਸਕੱਤਰਾਂ ਨੂੰ ਪੱਤਰ ਲਿਖੇ ਹਨ। ਸਾਨੂੰ ਜੋ ਹੁਕਮ ਮਿਲੇ ਹਨ ਉਸ ਤਹਿਤ ਇਸ ਮਾਮਲੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ।’’ ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 11 ਅਕਤੂਬਰ ਤੈਅ ਕੀਤੀ ਹੈ। -ਪੀਟੀਆਈ