ਸ੍ਰੀਨਗਰ, 21 ਜੂਨ
ਸ੍ਰੀਨਗਰ ਸ਼ਹਿਰ ਨੂੰ ਆਪਣਾ ਪਹਿਲਾ ਮਲਟੀਪਲੈਕਸ ਸਿਨੇਮਾ ਜਲਦ ਹੀ ਮਿਲਣ ਦੀ ਉਮੀਦ ਹੈ। ਇਸ ਸਬੰਧੀ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ, ਜਿਸਦੇ ਪੂਰਾ ਹੋਣ ਮਗਰੋਂ ਕਸ਼ਮੀਰ ’ਚ ਇਹ ਆਪਣੀ ਕਿਸਮ ਦਾ ਪਹਿਲਾ ਅਜਿਹਾ ਮਨੋਰੰਜਨ ਕੇਂਦਰ ਹੋਵੇਗਾ। ਸ਼ਹਿਰ ਦੇ ਬਦਾਮੀ ਬਾਗ਼ ਕੰਟੋਨਮੈਂਟ ਏਰੀਆ ’ਚ ਪੈਂਦੇ ਬਰਾਡਵੇਅ ਥੀਏਟਰ ਦੇ ਮਾਲਕ ਉੱਘੇ ਕਾਰੋਬਾਰੀ ਵਿਜੈ ਧਰ ਵੱਲੋਂ ਪੁਰਾਣੇ ਬਰਾਡਵੇਅ ਥੀਏਟਰ ਵਾਲੀ ਥਾਂ ’ਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਇਮਾਰਤ ’ਚ ਕੁਝ ਸਮਾਂ ਪਹਿਲਾਂ ਅੱਗ ਲੱਗ ਗਈ ਸੀ ਪਰ ਇਸ ਦੇ ਮਾਲਕ ਨੇ ਇਸੇ ਥਾਂ ’ਤੇ ਮਲਟੀਪਲੈਕਸ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਕਿ ਲੋਕਾਂ ਦਾ ਮਨੋਰੰਜਨ ਕਰਨ ਦੀ ਰਵਾਇਤ ਕਾਇਮ ਰੱਖੀ ਜਾ ਸਕੇ। -ਆਈਏਐੱਨਐੱਸ