ਨਵੀਂ ਦਿੱਲੀ/ਪਟਨਾ, 18 ਜੂਨ
ਦੇਸ਼ ਭਰ ਵਿਚ ‘ਅਗਨੀਪਥ’ ਸਕੀਮ ਉਤੇ ਉੱਠੇ ਵਿਵਾਦ ਨੂੰ ਸ਼ਾਂਤ ਕਰਨ ਦੇ ਯਤਨਾਂ ਤਹਿਤ ਕੇਂਦਰ ਸਰਕਾਰ ਨੇ ਇਸ ਭਰਤੀ ਸਕੀਮ ਹੇਠ ਚਾਰ ਸਾਲ ਬਾਅਦ ਸੇਵਾਮੁਕਤ ਹੋਣ ਵਾਲਿਆਂ ਲਈ ਕਈ ਰਿਆਇਤਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਨੀਮ ਫ਼ੌਜੀ ਬਲਾਂ ਤੇ ਰੱਖਿਆ ਮੰਤਰਾਲੇ ’ਚ ਦਸ ਫ਼ੀਸਦੀ ਰਾਖ਼ਵਾਂਕਰਨ ਤੇ ਹੋਰ ਛੋਟਾਂ ਸ਼ਾਮਲ ਹਨ। ਸਰਕਾਰ ਨੇ ਨਾਲ ਹੀ ਕਿਹਾ ਹੈ ਕਿ ਉਹ ਇਸ ਭਰਤੀ ਸਕੀਮ ਬਾਰੇ ਆ ਰਹੀਆਂ ਸ਼ਿਕਾਇਤਾਂ ਨੂੰ ‘ਖੁੱਲ੍ਹੇ ਮਨ ਨਾਲ ਵਿਚਾਰਨ ਲਈ ਵੀ ਤਿਆਰ ਹੈ।’ ਗ੍ਰਹਿ ਤੇ ਰੱਖਿਆ ਮੰਤਰਾਲੇ ਨੇ ਕਈ ਰਿਆਇਤਾਂ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਤਹਿਤ ਸੇਵਾਮੁਕਤ ਹੋਣ ਵਾਲਿਆਂ ਦੀ ਅੱਗੇ ਰੁਜ਼ਗਾਰ ਲੈਣ ਵਿਚ ਮਦਦ ਕਰਨਗੇ। ਕੇਂਦਰ ਸਰਕਾਰ ਨੇ ਸੰਕੇਤ ਕੀਤਾ ਕਿ ਹੋਰ ਵਿਭਾਗ ਵੀ ਇਸ ਪਾਸੇ ਕੰਮ ਕਰ ਰਹੇ ਹਨ ਤੇ ਰਿਆਇਤਾਂ ਦਾ ਐਲਾਨ ਕਰ ਸਕਦੇ ਹਨ। ਗ੍ਰਹਿ ਮੰਤਰਾਲੇ ਨੇ ਅੱਜ ਐਲਾਨ ਕੀਤਾ ਕਿ ‘ਅਗਨੀਵੀਰਾਂ’ ਨੂੰ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐਫ) ਤੇ ਅਸਾਮ ਰਾਈਫਲਜ਼ ਵਿਚ ਦਸ ਫ਼ੀਸਦ ਰਾਖ਼ਵਾਂਕਰਨ ਦਿੱਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਇਸ ਰਾਖ਼ਵਾਂਕਰਨ ਵਿਚ ‘ਅਗਨੀਵੀਰਾਂ’ ਨੂੰ ਉੱਪਰਲੀ ਉਮਰ ਸੀਮਾ ਵਿਚ ਤਿੰਨ ਸਾਲ ਦੀ ਛੋਟ ਦੇਣ ਦਾ ਫ਼ੈਸਲਾ ਵੀ ਕੀਤਾ ਹੈ। ਮੰਤਰਾਲੇ ਨੇ ਟਵੀਟ ਕੀਤਾ ਕਿ ‘ਅਗਨੀਵੀਰਾਂ’ ਦੇ ਪਹਿਲੇ ਬੈਚ ਨੂੰ ਉਮਰ ਸੀਮਾ ਵਿਚ ਪੰਜ ਸਾਲ ਤੱਕ ਦੀ ਛੋਟ ਦਿੱਤੀ ਜਾਵੇਗੀ। ਵਰਤਮਾਨ ’ਚ 18-23 ਸਾਲ ਦੇ ਨੌਜਵਾਨਾਂ ਨੂੰ ਨੀਮ ਫ਼ੌਜੀ ਬਲਾਂ ਵਿਚ ਭਰਤੀ ਕੀਤਾ ਜਾਂਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ ਅਗਨੀਪਥ ਸਕੀਮ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਭਾਰਤੀ ਤੱਟ ਰੱਖਿਅਕਾਂ ਤੇ ਰੱਖਿਆ ਮੰਤਰਾਲੇ ਦੀਆਂ ਸਿਵਲ ਅਸਾਮੀਆਂ ਵਿਚ ਦਸ ਫ਼ੀਸਦ ਰਾਖ਼ਵਾਂਕਰਨ ਦਿੱਤਾ ਜਾਵੇਗਾ। ਇਹ ਰਾਖ਼ਵਾਂਕਰਨ ਰੱਖਿਆ ਖੇਤਰ ਦੀਆਂ ਸਾਰੀਆਂ 16 ਕੰਪਨੀਆਂ ਉਤੇ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਰਾਖ਼ਵਾਂਕਰਨ ਸਾਬਕਾ ਫ਼ੌਜੀਆਂ ਨੂੰ ਪਹਿਲਾਂ ਤੋਂ ਹੀ ਮਿਲ ਰਹੇ ਰਾਖ਼ਵੇਂਕਰਨ ਤੋਂ ਵੱਖਰਾ ਹੋਵੇਗਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਨ੍ਹਾਂ ਦਾ ਮਕਾਨ ਉਸਾਰੀ ਤੇ ਪੈਟਰੋਲੀਅਮ ਮੰਤਰਾਲਾ ਵੀ ‘ਅਗਨੀਵੀਰਾਂ’ ਨੂੰ ਚਾਰ ਸਾਲ ਦੀ ਸੇਵਾ ਤੋਂ ਬਾਅਦ ਨੌਕਰੀ ਉਤੇ ਰੱਖਣ ਲਈ ਕਦਮ ਚੁੱਕ ਰਿਹਾ ਹੈ। -ਪੀਟੀਆਈ