ਸ੍ਰੀਨਗਰ, 25 ਅਗਸਤ
ਨੈਸ਼ਨਲ ਕਾਨਫਰੰਸ (ਐੱਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਇੱਥੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਦੀਆਂ ਸਾਰੀਆਂ 90 ਸੀਟਾਂ ’ਤੇ ਚੋਣ ਲੜਨ ਬਾਰੇ ਆਖ਼ਰੀ ਫ਼ੈਸਲਾ ਚੋਣਾਂ ਮੌਕੇ ਹੀ ਲਿਆ ਜਾਵੇਗਾ ਅਤੇ ਗੁਪਕਾਰ ਐਲਾਨਨਾਮੇ ਲਈ ਪੀਪਲਜ਼ ਅਲਾਇੰਸ (ਪੀਏਜੀਡੀ) ਨਾਲ ਗੱਠਜੋੜ ਲਈ ਦਰਵਾਜ਼ੇ ਬੰਦ ਨਹੀਂ ਕੀਤੇ ਗਏ ਹਨ। ਅਬਦੁੱਲਾ ਦਾ ਇਹ ਬਿਆਨ ਨੈਸ਼ਨਲ ਕਾਨਫਰੰਸ ਦੀ ਸੂਬਾ ਕਮੇਟੀ ਵੱਲੋਂ ਸਾਰੀਆਂ 90 ਸੀਟਾਂ ’ਤੇ ਚੋਣਾਂ ਲੜਨ ਅਤੇ ਪੀਏਜੀਡੀ ਦੇ ਸਹਿਯੋਗੀ ਦਲਾਂ ਨਾਲ ਗੱਠਜੋੜ ਨਾ ਕਰਨ ਦਾ ਮਤਾ ਪਾਸ ਕਰਨ ਮਗਰੋਂ ਸਾਹਮਣੇ ਆਇਆ ਹੈ। ਅਬਦੁੱਲਾ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘‘ਪੀਏਜੀਡੀ ਕਦੇ ਆਪਣੇ ਦਰਵਾਜ਼ੇ ਬੰਦ ਨਹੀਂ ਕਰੇਗਾ।’’ ਐੱਨਸੀ ਦੀ ਸੂਬਾਈ ਕਮੇਟੀ ਦੇ ਮਤੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਇੱਕ ਲੋਕਤੰਤਰਿਕ ਪਾਰਟੀ ਹੈ ਪਰ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਦਾ ਆਖ਼ਰੀ ਫ਼ੈਸਲਾ ਚੋਣਾਂ ਮੌਕੇ ਹੀ ਲਿਆ ਜਾਵੇਗਾ। ਪਾਰਟੀ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਪਾਰਟੀ ਦਫ਼ਤਰ ਵਿੱਚ ਸੂਬਾ ਕਮੇਟੀ ਦੀ ਬੈਠਕ ਦੌਰਾਨ ਮੈਂਬਰਾਂ ਨੇ ਪੀਏਜੀਡੀ ਦੇ ਸਹਿਯੋਗੀ ਦਲਾਂ ਵੱਲੋਂ ਐੱਨਸੀ ਖ਼ਿਲਾਫ਼ ਹਾਲ ਵਿੱਚ ਦਿੱਤੇ ਬਿਆਨਾਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। -ਪੀਟੀਆਈ