ਹੁਬਲੀ (ਕਰਨਾਟਕ), 31 ਅਗਸਤ
ਕਰਨਾਟਕ ਹਾਈ ਕੋਰਟ ਵੱਲੋਂ ਮਿਲੀ ਹਰੀ ਝੰਡੀ ਦੇ ਕੁਝ ਘੰਟਿਆਂ ਮਗਰੋਂ ਹੁਬਲੀ ਦੇ ਈਦਗਾਹ ਮੈਦਾਨ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਣੇਸ਼ ਚਤੁਰਥੀ ਦਾ ਤਿਓਹਾਰ ਮਨਾਇਆ ਗਿਆ। ਵੈਦਿਕ ਭਜਨਾਂ ਦੇ ਉਚਾਰਨ ਦਰਮਿਆਨ ਸ੍ਰੀਰਾਮ ਸੈਨਾ ਦੇ ਮੁਖੀ ਪ੍ਰਮੋਦ ਮੁਥਾਲਿਕ ਨੇ ਆਪਣੇ ਹਮਾਇਤੀਆਂ ਨਾਲ ਈਦਗਾਹ ਮੈਦਾਨ ਵਿੱਚ ਪੂਜਾ ਪੰਡਾਲ ’ਚ ਭਗਵਾਨ ਗਣੇਸ਼ ਦੀ ਮੂਰਤੀ ਸਥਾਪਤ ਕੀਤੀ ਤੇ ਪ੍ਰਾਰਥਨਾਵਾਂ ਕੀਤੀਆਂ। ਇਸ ਮੌਕੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਭਗਵਾਨ ਗਣੇਸ਼ ਦੀ ਪੂਜਾ ਕੀਤੀ।
ਮੁਥਾਲਿਕ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਪੂਜਾ ਅਰਚਨਾ ਕੀਤੀ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਆਪਣੀ ਪੂਜਾ ਕੀਤੀ।’’ ਮੁਥਾਲਿਕ ਨੇ ਅੱਜ ਦੇ ਦਿਨ ਨੂੰ ‘ਇਤਿਹਾਸਕ’ ਦੱਸਦੇ ਹੋਏ ਕਿਹਾ ਕਿ ਹਿੰਦੂ ਭਾਈਚਾਰੇ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਈਦਗਾਹ ਮੈਦਾਨ ਵਿੱਚ ਤਿੰਨ ਦਿਨ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਹੈ। ਉਂਜ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਈਦਗਾਹ ਮੈਦਾਨ ਵਿੱਚ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ। ਕਾਬਿਲੇਗੌਰ ਹੈ ਕਿ ਕਰਨਾਟਕ ਹਾਈ ਕੋਰਟ ਨੇ ਮੰਗਲਵਾਰ ਦੇਰ ਰਾਤ ਸੁਣਾਏ ਫੈਸਲੇ ’ਚ ਧਾਰਵਾੜ ਮਿਉਂਸਿਪਲ ਕਮਿਸ਼ਨਰ ਵੱਲੋਂ ਸ਼ਹਿਰ ਦੇ ਈਦਗਾਹ ਮੈਦਾਨ ’ਚ ਗਣੇਸ਼ ਚਤੁਰਥੀ ਮਨਾਉਣ ਦੀ ਦਿੱਤੀ ਖੁੱਲ੍ਹ ਨੂੰ ਬਰਕਰਾਰ ਰੱਖਿਆ ਸੀ। ਜਸਟਿਸ ਅਸ਼ੋਕ ਐੱਸ.ਕਿਨਾਗੀ ਨੇ ਕਿਹਾ ਸੀ ਕਿ ਈਦਗਾਹ ਮੈਦਾਨ ਧਾਰਵਾੜ ਮਿਉਂਸਿਪੈਲਿਟੀ ਦੀ ਜਾਇਦਾਦ ਹੈ ਤੇ ਅੰਜੁਮਨ-ਏ-ਇਸਲਾਮ ਸਾਲਾਨਾ ਇਕ ਰੁਪਏ ਦੀ ਫੀਸ ਨਾਲ 999 ਸਾਲਾਂ ਲਈ ਇਸ ਦੀ ਸਿਰਫ਼ ਲੀਜ਼ ਧਾਰਕ ਹੈ। ਅੰਜੁਮਨ-ਏ-ਇਸਲਾਮ ਨੇ ਹਾਲਾਂਕਿ ਸੁਣਵਾਈ ਦੌਰਾਨ ਦਾਅਵਾ ਕੀਤਾ ਸੀ ਕਿ ਧਾਰਮਿਕ ਅਸਥਾਨਾਂ ਬਾਰੇ ਐਕਟ 1991 ਤਹਿਤ ਸਬੰਧਤ ਜਾਇਦਾਦ (ਈਦਗਾਹ ਮੈਦਾਨ) ਨੂੰ ਛੋਟ/ਸੁਰੱਖਿਆ ਹਾਸਲ ਹੈ। ਐਕਟ ਮੁਤਾਬਕ ਕਿਸੇ ਵੀ ਧਾਰਮਿਕ ਅਸਥਾਨ ਨੂੰ ਬਦਲਿਆ ਨਹੀਂ ਜਾ ਸਕਦਾ। ਹਾਈ ਕੋਰਟ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਕਿ ਸਬੰਧਤ ਜਾਇਦਾਦ, ਪੂਜਾ ਕਰਨ ਲਈ ਕੋਈ ਧਾਰਮਿਕ ਅਸਥਾਨ ਨਹੀਂ ਹੈ ਤੇ ਇਥੇ ਬਕਰੀਦ ਤੇ ਰਮਜ਼ਾਨ ਮੌਕੇ ਸਿਰਫ਼ ਨਮਾਜ਼ ਅਦਾ ਕਰਨ ਦੀ ਇਜਾਜ਼ਤ ਹੁੰਦੀ ਹੈ। ਹੋਰਨਾਂ ਮੌਕਿਆਂ ’ਤੇ ਇਸ ਨੂੰ ਬਾਜ਼ਾਰ ਤੇ ਪਾਰਕਿੰਗ ਜਿਹੇ ਕੰਮਾਂ ਲਈ ਵਰਤਿਆ ਜਾਂਦਾ ਹੈ। -ਪੀਟੀਆਈ
ਕਰਨਾਟਕ ਦੀਆਂ ਦੋ ਈਦਗਾਹਾਂ ਵਿੱਚ ਦੋ ਵੱਖੋ ਵੱਖਰੇ ਰੰਗ
ਬੰਗਲੂਰੂ: ਗਣੇਸ਼ ਚਤੁਰਥੀ ਮੌਕੇ ਕਰਨਾਟਕ ਦੀਆਂ ਦੋ ਈਦਗਾਹਾਂ ਵਿੱਚ ਅੱਜ ਦੋ ਵੱਖੋ-ਵੱਖਰੇ ਰੰਗ ਵੇਖਣ ਨੂੰ ਮਿਲੇ। ਸੁਰੱਖਿਆ ਬਲਾਂ ਦੀ ਨਫ਼ਰੀ ਨੂੰ ਲੈ ਕੇ ਹਾਲਾਂਕਿ ਦੋਵਾਂ ਈਦਗਾਹਾਂ ਵਿੱਚ ਇਕੋ ਜਿਹਾ ਮਾਹੌਲ ਸੀ। ਉੱਤਰੀ ਕਰਨਾਟਕ ਵਿੱਚ ਹੁਬਲੀ ਈਦਗਾਹ ਮੈਦਾਨ ਵਿੱਚ ਗਣੇਸ਼ ਚਤੁਰਥੀ ਮੌਕੇ ਜਸ਼ਨ ਦਾ ਮਾਹੌਲ ਸੀ। ਇਥੇ ਪੂਜਾ ਪੰਡਾਲ ਵਿੱਚ ਚਾਰ ਫੁੱਟ ਉੱਚੀ ਗਣੇਸ਼ ਦੀ ਮੂਰਤੀ ਸਥਾਪਤ ਕੀਤੀ ਗਈ। ਧਾਰਮਿਕ ਮੰਤਰਾਂ ਦੇ ਉਚਾਰਨ ਦਰਮਿਆਨ ਸ੍ਰੀਰਾਮ ਸੈਨਾ ਦੇ ਮੁਖੀ ਪ੍ਰਮੋਦ ਮੁਤਾਲਿਕ ਨੇ ਵਿਸ਼ੇਸ਼ ਪ੍ਰਾਰਥਨਾ ਕੀਤੀ। ਇਸ ਦੌਰਾਨ ਪੰਡਾਲ ਵਿੱਚ ਲੋਕਮਾਨਿਆ ਬਾਲ ਗੰਗਾਧਰ ਤਿਲਕ ਤੇ ਹਿੰਦੂ ਵਿਚਾਰਧਾਰਕ ਵਿਨਾਇਕ ਦਾਮੋਦਰ ਸਾਵਰਕਰ ਦੀਆਂ ਤਸਵੀਰਾਂ ਵੀ ਨਜ਼ਰ ਆਈਆਂ। ਅਗਲੇ ਤਿੰਨ ਦਿਨ ਹੁਬਲੀ ਦੇ ਈਦਗਾਹ ਮੈਦਾਨ ਵਿੱਚ ਗਣੇਸ਼ ਦੀ ਮੂਰਤੀ ਸਥਾਪਤ ਰਹੇਗੀ। ਉਧਰ ਚਾਮਰਾਜਪੇਟ ਦੇ ਈਦਗਾਹ ਮੈਦਾਨ ਵਿੱਚ ਕਰਨਾਟਕ ਰਾਜ ਰਿਜ਼ਰਵ ਪੁਲੀਸ ਬਲ ਦੀਆਂ ਦਸ ਟੁਕੜੀਆਂ ਤੇ ਸੀਨੀਅਰ ਪੁਲੀਸ ਅਧਿਕਾਰੀ ਤਾਇਨਾਤ ਰਹੇ। ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਕਿਹਾ, ‘‘ਅਸੀਂ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਸੁਪਰੀਮ ਕੋਰਟ ਦੇ ਈਦਗਾਹ ਮੈਦਾਨ ਬਾਰੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ।’’ ਕਰਨਾਟਕ ਹਾਈ ਕੋਰਟ ਨੇ ਜਿੱਥੇ ਹੁਬਲੀ ਦੇ ਈਦਗਾਹ ਮੈਦਾਨ ਵਿੱਚ ਗਣੇਸ਼ ਚਤੁਰਥੀ ਦਾ ਤਿਓਹਾਰ ਮਨਾਉਣ ਦੀ ਖੁੱਲ੍ਹ ਦੇ ਦਿੱਤੀ ਸੀ, ਉਥੇ ਸੁਪਰੀਮ ਕੋਰਟ ਨੇ ਚਾਮਰਾਜਪੇਟ ਦੇ ਈਦਗਾਹ ਮੈਦਾਨ ਵਿੱਚ ਅਜਿਹੇ ਕਿਸੇ ਸਮਾਗਮ ਦੀ ਇਜਾਜ਼ਤ ਦੇਣ ਤੋਂ ਨਾਂਹ ਕਰਦਿਆਂ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਸਨ। -ਪੀਟੀਆਈ