ਨਵੀਂ ਦਿੱਲੀ/ਪਟਨਾ, 30 ਅਕਤੂਬਰ
ਕੋਵਿਡ ਕਾਰਨ ਦੋ ਸਾਲ ਤੱਕ ‘ਛੱਠ ਪੂਜਾ’ ਮੌਕੇ ਰੌਣਕਾਂ ਫਿੱਕੀਆਂ ਰਹਿਣ ਤੋਂ ਬਾਅਦ ਇਸ ਸਾਲ ਵੱਡੀ ਗਿਣਤੀ ਲੋਕਾਂ ਨੇ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ। ਬਿਹਾਰ, ਦਿੱਲੀ ਤੇ ਹੋਰਨਾਂ ਸੂਬਿਆਂ ਵਿਚ ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ 36 ਘੰਟੇ ਦੇ ਵਰਤ ਤੋਂ ਬਾਅਦ ਸ਼ਾਮ ਵੇਲੇ ਸੂਰਜ ਨੂੰ ਅਰਘ ਦਿੱਤਾ। ਚਾਰ ਦਿਨ ਚੱਲਣ ਵਾਲੀ ਛੱਠ ਪੂਜਾ ਦੇ ਪਹਿਲੇ ਦਿਨ ‘ਨਹਾਏ ਖਾਏ’ ਹੁੰਦਾ ਹੈ। ਦੂਜੇ ਤੇ ਤੀਜੇ ਦਿਨ ਵੀ ਕਈ ਰਸਮਾਂ ਹੁੰਦੀਆਂ ਹਨ ਤੇ ਚੌਥੇ ਦਿਨ ਸ਼ਾਮ ਨੂੰ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਦੱਸਣਯੋਗ ਹੈ ਕਿ ਦੋ ਸਾਲ ਲੰਮੀ ਪਾਬੰਦੀ ਤੋਂ ਬਾਅਦ ਇਸ ਸਾਲ ਨਦੀਆਂ ਦੇ ਘਾਟਾਂ, ਤੋਂ ਇਲਾਵਾ ਵੱਖ-ਵੱਖ ਥਾਵਾਂ ਉਤੇ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਛੱਠ ਦਾ ਤਿਉਹਾਰ ਮਨਾਇਆ। ਬਿਹਾਰ ਵਿਚ ਲੋਕ ਵੱਡੀ ਗਿਣਤੀ ਵਿਚ ਗੰਗਾ ਦੇ ਕਿਨਾਰਿਆਂ ਉਤੇ ਜੁੜੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੀ ਸਰਕੁਲਰ ਰੋਡ ਸਥਿਤ ਰਿਹਾਇਸ਼ ’ਤੇ ਹੀ ਛੱਠ ਪੂਜਾ ਕੀਤੀ। ਇਸ ਮੌਕੇ ਉਨ੍ਹਾਂ ਦਾ ਪਰਿਵਾਰ ਹਾਜ਼ਰ ਸੀ। ਜਦਕਿ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਗੰਗਾ ਕਿਨਾਰੇ ਜਾ ਕੇ ਪੂਜਾ ਕੀਤੀ। ਛੱਠ ਦਾ ਤਿਉਹਾਰ ਭਲਕੇ ਸਵੇਰੇ ਸੰਪੂਰਨ ਹੋਵੇਗਾ ਜਦ ਚੜ੍ਹਦੇ ਸੂਰਜ ਨੂੰ ਵਰਤ ਰੱਖਣ ਵਾਲੇ ਅਰਘ ਦੇਣਗੇ। -ਪੀਟੀਆਈ