ਬਰੇਲੀ (ਉੱਤਰ ਪ੍ਰਦੇਸ਼), 13 ਅਪਰੈਲ
ਇੱਥੇ 45 ਸਾਲਾ ਵਿਅਕਤੀ ਨੇ ਪੁਲੀਸ ਵੱਲੋਂ ਉਸਦੀ 22 ਸਾਲਾ ਲਾਪਤਾ ਧੀ ਨੂੰ ਲੱਭਣ ਦੇ ਬਦਲੇ ਇਕ ਲੱਖ ਰੁਪਏ ਦੀ ਰਿਸ਼ਵਤ ਮੰਗੇ ਜਾਣ ’ਤੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਸ਼ਿਸ਼ੂਪਾਲ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਰਾਮਨਗਰ ਪੁਲੀਸ ਚੌਕੀ ਦੇ ਇੰਚਾਰਜ ਰਾਮ ਰਤਨ ਸਿੰਘ ਨੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸ਼ਿਸ਼ੂਪਾਲ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਤਾਂ ਰਾਮ ਰਤਨ ਸਿੰਘ ਉੱਥੇ ਆਇਆ ਤੇ ਮ੍ਰਿਤਕ ਕੋਲ ਪਿਆ ਸੁਸਾਈਡ ਨੋਟ ਬਰਾਮਦ ਕਰ ਕੇ ਪਾੜ ਦਿੱਤਾ, ਜਿਸ ਮਗਰੋਂ ਪਿੰਡ ਵਾਸੀਆਂ ਨੇ ਉਸਨੂੰ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਐੱਸਐੱਸਪੀ ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ ਸਬ-ਇੰਸਪੈਕਰ ’ਤੇ ਲੱਗੇ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਉਸਨੂੰ ਜਾਂਚ ਦੇ ਘੇਰੇ ’ਚ ਲੈ ਲਿਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ 9 ਅਪਰੈਲ ਨੂੰ ਅਨੋਲਾ ਪੁਲੀਸ ਥਾਣੇ ਵਿੱਚ ਸ਼ਿਸ਼ੂਪਾਲ ਦੀ ਧੀ ਦੇ ਲਾਪਤਾ ਹੋਣ ਸਬੰਧੀ ਇੱਕ ਐੱਫਆਈਆਰ ਵੀ ਦਰਜ ਕੀਤੀ ਗਈ ਸੀ, ਜਿਸ ਵਿੱਚ ਸ਼ਿਸ਼ੂਪਾਲ ਨੇ ਦਾਅਵਾ ਕੀਤਾ ਸੀ ਕਿ ਬੰਤੀ, ਮੁਕੇਸ਼ ਤੇ ਦਿਨੇਸ਼ ਨਾਂਅ ਦੇ ਵਿਅਕਤੀ ਉਸਦੀ ਧੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਕਿਧਰੇ ਲੈ ਗਏ ਹਨ। ਲਾਪਤਾ ਲੜਕੀ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। -ਆਈਏਐੱਨਐੱਸ