ਸ਼ਿਮਲਾ, 21 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਕੀਰਤੀ ਚੱਕਰ ਜੇਤੂ ਜਵਾਨ ਦੇ ਪਰਿਵਾਰ ਨੇ ਅੱਜ ਰਾਜ ਭਵਨ ਪਹੁੰਚ ਕੇ ਰਾਜਪਾਲ ਨੂੰ ਬਹਾਦੁਰੀ ਪੁਰਸਕਾਰ ਮੋੜਦਿਆਂ ਦੋਸ਼ ਲਾਇਆ ਕਿ ਸੂਬਾ ਸਰਕਾਰ ਉਨ੍ਹਾਂ ਦੇ ਬਲੀਦਾਨ ਦਾ ਮਾਣ ਰੱਖਣ ’ਚ ਨਾਕਾਮ ਰਹੀ ਹੈ। ਕੀਰਤੀ ਚੱਕਰ ਫੌਜੀ ਜਵਾਨਾਂ ਨੂੰ ਬਹਾਦੁਰੀ ਲਈ ਦਿੱਤਾ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਫੌਜੀ ਸਨਮਾਨ ਹੈ। ਇਸ ਵਰਗ ਦਾ ਸਭ ਤੋਂ ਵੱਡਾ ਸਨਮਾਨ ਅਸ਼ੋਕ ਚੱਕਰ ਹੈ।
ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤਰੇਆ ਨਾਲ ਮੁਲਾਕਾਤ ਤੋਂ ਪਹਿਲਾਂ ਜਵਾਨ ਦੀ ਮਾਂ ਰਾਜ ਕੁਮਾਰੀ ਨੇ ਕਿਹਾ ਕਿ ਉਸ ਦਾ ਪੁੱਤਰ ਅਨਿਲ ਚੌਹਾਨ 18 ਸਾਲ ਪਹਿਲਾਂ ਸਿਰਫ਼ 23 ਸਾਲ ਦਾ ਸੀ ਜਦੋਂ ਉਹ ਅਸਾਮ ’ਚ ‘ਅਪਰੇਸ਼ਨ ਰ੍ਹੀਨੋ’ ਦੌਰਾਨ ਸ਼ਹੀਦ ਹੋ ਗਿਆ ਸੀ। ਕਾਂਗੜਾ ਜ਼ਿਲ੍ਹੇ ਦੇ ਜੈਸਿੰਘਪੁਰ ਦੀ ਵਸਨੀਕ ਰਾਜ ਕੁਮਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਉਨ੍ਹਾਂ ਦੇ ਸ਼ਹੀਦ ਪੁੱਤਰ ਦੇ ਨਾਂ ’ਤੇ ਸਕੂਲ ਦਾ ਨਾਂ ਰੱਖਣ ਤੇ ਪਿੰਡ ’ਚ ਉਸ ਦੀ ਯਾਦ ’ਚ ਗੇਟ ਉਸਾਰਨ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਵੱਖ ਵੱਖ ਸਰਕਾਰਾਂ ਵੱਲੋਂ ਲਾਰੇ ਲਾਏ ਗਏ ਪਰ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਤੋਂ ਨਿਰਾਸ਼ ਹੋ ਕੇ ਉਹ ਇਹ ਕੀਰਤੀ ਚੱਕਰ ਸਰਕਾਰ ਨੂੰ ਮੋੜਨ ਆਏ ਹਨ।
ਇਸੇ ਦੌਰਾਨ ਜਦੋਂ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਪਰਿਵਾਰ ਵੱਲੋਂ ਰਾਜਪਾਲ ਨਾਲ ਕੀਤੀ ਮੁਲਾਕਾਤ ਬਾਰੇ ਪਤਾ ਲੱਗਾ ਤਾਂ ਉਹ ਰਾਜ ਭਵਨ ਪਹੁੰਚੇ ਤੇ ਸ਼ਹੀਦ ਦੀ ਮਾਂ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ।
-ਪੀਟੀਆਈ