ਲਖਨਊ, 2 ਨਵੰਬਰ
ਰੇਲਵੇ ਨੇ ਫ਼ੈਜ਼ਾਬਾਦ ਜੰਕਸ਼ਨ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਅਯੁੱਧਿਆ ਛਾਉਣੀ ਰੱਖ ਦਿੱੱਤਾ ਹੈ। ਨਾਂ ਬਦਲੀ ਦਾ ਇਹ ਫੈਸਲਾ ਫੌਰੀ ਅਮਲ ਵਿੱਚ ਆ ਗਿਆ ਹੈ। ਯੂਪੀ ਸਰਕਾਰ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ਵਿੱਚ ਫ਼ੈਜ਼ਾਬਾਦ ਰੇਲਵੇ ਸਟੇਸ਼ਨ ਦੀ ਨਾਮ ਤਬਦੀਲੀ ਦਾ ਫੈਸਲਾ ਕੀਤਾ ਸੀ। ਉੱਤਰੀ ਰੇਲਵੇ ਦੇ ਪੀਆਰਓ ਦੀਪਕ ਕੁਮਾਰ ਨੇ ਕਿਹਾ ਕਿ ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉੱਤਰੀ ਰੇਲਵੇ ਦੀ ਲਖਨਊ ਡਿਵੀਜ਼ਨ ਵਿੱਚ ਪੈਂਦੇ ਫ਼ੈਜ਼ਾਬਾਦ ਰੇਲਵੇ ਸਟੇਸ਼ਨ ਦਾ ਨਾਮ ਤੁਰੰਤ ਪ੍ਰਭਾਵ ਤੋਂ ਬਦਲ ਕੇ ਅਯੁੱਧਿਆ ਕੈਂਟ ਰੱਖ ਦਿੱਤਾ ਗਿਆ ਹੈ। ਉਧਰ ਮੁੱਖ ਮੰਤਰੀ ਦਫ਼ਤਰ ਨੇ ਇਕ ਟਵੀਟ ਵਿੱਚ ਕਿਹਾ ਕਿ ਫੈਜ਼ਾਬਾਦ ਸਟੇਸ਼ਨ ਨੂੰ ਹੁਣ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ਆਖਿਆ ਜਾਵੇਗਾ। ਯੂਪੀ ਸਰਕਾਰ ਨੇ ਇਸ ਤੋਂ ਪਹਿਲਾਂ 2018 ਵਿੱਚ ਫੈਜ਼ਾਬਾਦ ਜ਼ਿਲ੍ਹੇ ਦਾ ਨਾਮ ਬਦਲ ਕੇ ਅਯੁੱਧਿਆ ਕਰ ਦਿੱਤਾ ਸੀ। 1874 ਵਿੱੱਚ ਖੁੱਲ੍ਹਿਆ ਫੈਜ਼ਾਬਾਦ ਰੇਲਵੇ ਸਟੇਸ਼ਨ ਲਖਨਊ-ਵਾਰਾਨਸੀ ਸੈਕਸ਼ਨ ’ਤੇ ਪੈਂਦਾ ਹੈ। -ਪੀਟੀਆਈ