ਮੁੰਬਈ, 14 ਅਗਸਤ
ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਸਾਰਾ ਸੰਸਾਰ ਦੇਖ ਰਿਹਾ ਹੈ ਕਿ ਭਾਰਤ ਭਿੰਨਤਾ ਨੂੰ ਕਿਵੇਂ ਸੰਭਾਲ ਰਿਹਾ ਹੈ। ਨਾਗਪੁਰ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਜਦੋਂ ਲੋਕ ਡਰਨਾ ਛੱਡ ਦੇਣਗੇ, ਉਦੋਂ ‘ਅਖੰਡ ਭਾਰਤ’ ਬਣੇਗਾ। ਉਨ੍ਹਾਂ ਕਿਹਾ ਕਿ ਜਦ ਭਿੰਨਤਾ ਨੂੰ ਅਸਰਦਾਰ ਢੰਗ ਨਾਲ ਸੰਭਾਲਣ ਦੀ ਗੱਲ ਆਉਂਦੀ ਹੈ ਤਾਂ ਦੁਨੀਆ ਭਾਰਤ ਵੱਲ ਦੇਖਦੀ ਹੈ। ਭਾਗਵਤ ਨੇ ਕਿਹਾ ਕਿ ਸੰਸਾਰ ਅਸਹਿਮਤੀਆਂ ਨਾਲ ਭਰਿਆ ਪਿਆ ਹੈ ਪਰ ਭਾਰਤ ਭਿੰਨਤਾਵਾਂ ਦਾ ਪ੍ਰਬੰਧਨ ਅਸਰਦਾਰ ਢੰਗ ਨਾਲ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਇਤਿਹਾਸਕ ਘਟਨਾਵਾਂ ਹਨ ਜਿਨ੍ਹਾਂ ਬਾਰੇ ਸਾਨੂੰ ਜਾਂ ਤਾਂ ਦੱਸਿਆ ਹੀ ਨਹੀਂ ਗਿਆ ਜਾਂ ਫਿਰ ਸਹੀ ਢੰਗ ਨਾਲ ਨਹੀਂ ਦੱਸਿਆ ਗਿਆ। ਆਰਐੱਸਐੱਸ ਮੁਖੀ ਨੇ ਕਿਹਾ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਪਹਿਲਾਂ ਤਾਂ ਅਸੀਂ ਆਪਣੀ ਸਿਆਣਪ ਤੇ ਗਿਆਨ ਭੁੱਲ ਬੈਠੇ ਤੇ ਮਗਰੋਂ ਵਿਦੇਸ਼ੀ ਘੁਸਪੈਠੀਆਂ ਨੇ ਸਾਡੀ ਧਰਤੀ ਉਤੇ ਕਬਜ਼ਾ ਕਰ ਲਿਆ। ਭਾਗਵਤ ਨੇ ਕਿਹਾ, ‘ਅਸੀਂ ਜਾਤੀ ਤੇ ਹੋਰ ਅਜਿਹੇ ਰਲਦੇ-ਮਿਲਦੇ ਢਾਂਚਿਆਂ ਨੂੰ ਬੇਲੋੜੀ ਅਹਿਮੀਅਤ ਦਿੱਤੀ। ਅਜਿਹੇ ਢਾਂਚੇ ਜੋ ਕੰਮ ਲਈ ਕਾਇਮ ਕੀਤੇ ਗਏ ਸਨ, ਉਨ੍ਹਾਂ ਨੂੰ ਲੋਕਾਂ ਤੇ ਸਮਾਜ ਵਿਚ ਵਖ਼ਰੇਵੇਂ ਪੈਦਾ ਕਰਨ ਲਈ ਵਰਤਿਆ ਗਿਆ।’ ਭਾਗਵਤ ਨੇ ਇਸ ਮੌਕੇ ਵੱਖ-ਵੱਖ ਭਾਸ਼ਾਵਾਂ ਦੇ ਮਹੱਤਵ ਉਤੇ ਵੀ ਵਿਚਾਰ ਪ੍ਰਗਟ ਕੀਤੇ। ਆਰਐੱਸਐੱਸ ਮੁਖੀ ਨੇ ਸੰਵਿਧਾਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਦਾ ਪੂਰਾ ਪਾਲਣ ਹੋਣਾ ਚਾਹੀਦਾ ਹੈ। -ਪੀਟੀਆਈ