ਨਵੀਂ ਦਿੱਲੀ, 21 ਅਪਰੈਲ
ਦਿੱਲੀ ਹਾਈ ਕੋਰਟ ਨੇ ਅੱਜ ਕਰੋਨਾਵਾਇਰਸ ਨੂੰ ਕੌਮੀ ਆਫ਼ਤ ਮੰਨਦਿਆਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਦੀ ਹੈ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਦਿੱਲੀ ਦੇ ਜਿਹੜੇ ਹਸਪਤਾਲ ਕਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਅਤੇ ਆਕਸੀਜਨ ਦੀ ਘਾਟ ਝੱਲ ਰਹੇ ਹਨ, ਨੂੰ ਤੁਰੰਤ ਹਰ ਹਾਲ ਆਕਸੀਜਨ ਮੁਹੱਈਆ ਕਰਵਾਈ ਜਾਵੇ। ਹਾਈ ਕੋਰਟ ਨੇ ਕਿਹਾ, ‘ਕੇਂਦਰ ਸਰਕਾਰ ਹਾਲਾਤ ਦੀ ਗੰਭੀਰਤਾ ਨੂੰ ਕਿਉਂ ਨਹੀਂ ਸਮਝ ਰਹੀ ਹੈ? ਅਸੀਂ ਹੈਰਾਨ ਅਤੇ ਨਿਰਾਸ਼ ਹਾਂ ਕਿ ਹਸਪਤਾਲਾਂ ਵਿਚ ਆਕਸੀਜਨ ਖ਼ਤਮ ਹੋ ਚੁੱਕੀ ਹੈ ਪਰ ਸਟੀਲ ਪਲਾਂਟ ਚੱਲ ਰਹੇ ਹਨ।’ ਹਾਈ ਕੋਰਟ ਨੇ ਕਿਹਾ ਕਿ ਆਕਸੀਜਨ ਦੀ ਦਰਾਮਦ ਤੱਕ ਜੇਕਰ ਸਟੀਲ ਤੇ ਪੈਟਰੋਲੀਅਮ ਸਣੇ ਹੋਰ ਸਨਅਤਾਂ ਘੱਟ ਸਮਰੱਥਾ ਨਾਲ ਚੱਲਣਗੀਆਂ ਤਾਂ ਕਿਤੇ ਅਸਮਾਨ ਨਹੀਂ ਡਿੱਗ ਜਾਵੇਗਾ ਪਰ ਜੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਰੋਕ ਦਿੱਤੀ ਗਈ ਤਾਂ ਇੱਥੇ ਜ਼ਰੂਰ ਨਰਕ ਬਣ ਜਾਵੇਗਾ। ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਰੇਖਾ ਪੱਲੀ ਦੇ ਇਕ ਬੈਂਚ ਨੇ ਅੱਜ ਛੁੱਟੀ ਵਾਲੇ ਦਿਨ ਵੀ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਅਤੇ ਜੇਕਰ ਲੋੜ ਪੈਂਦੀ ਹੈ ਤਾਂ ਸਟੀਲ ਤੇ ਪੈਟਰੋਲੀਅਮ ਸਣੇ ਸਨਅਤਾਂ ਨੂੰ ਕੀਤੀ ਜਾਣ ਵਾਲੀ ਆਕਸੀਜਨ ਦੀ ਸਮੁੱਚੀ ਸਪਲਾਈ ਮੈਡੀਕਲ ਇਸਤੇਮਾਲ ਵਾਸਤੇ ਮੋੜੀ ਜਾ ਸਕਦੀ ਹੈ। ਬੈਂਚ ਨੇ ਕਿਹਾ, ‘‘ਸਟੀਲ ਤੇ ਪੈਟਰੋਕੈਮੀਕਲ ਸਨਅਤਾਂ ਤਾਂ ਆਕਸੀਜਨ ਥੋਕ ਵਿਚ ਹੜਪਣ ਵਾਲੀਆਂ ਹਨ ਅਤੇ ਜੇਕਰ ਇਨ੍ਹਾਂ ਦੇ ਹਿੱਸੇ ਦੀ ਆਕਸੀਜਨ ਸਪਲਾਈ ਹਸਪਤਾਲਾਂ ਨੂੰ ਦੇ ਦਿੱਤੀ ਜਾਵੇ ਤਾਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।’’
ਅਦਾਲਤ ਨੇ ਕਿਹਾ, ‘‘ਜੇਕਰ ਟਾਟਾ ਆਪਣੇ ਸਟੀਲ ਪਲਾਂਟਾਂ ਲਈ ਬਣਾਈ ਗਈ ਆਕਸੀਜਨ ਮੈਡੀਕਲ ਇਸਤੇਮਾਲ ਵਾਸਤੇ ਦੇ ਸਕਦੇ ਹਨ ਤਾਂ ਹੋਰ ਕਿਉਂ ਨਹੀਂ? ਇਹ ਲਾਲਚ ਦਾ ਸਿਖ਼ਰ ਹੈ। ਕੀ ਮਨੁੱਖਤਾ ਬਿਲਕੁਲ ਖ਼ਤਮ ਹੋ ਗਈ ਹੈ।’’ ਬੈਂਚ ਨੇ ਕਿਹਾ ਕਿ ਸਰਕਾਰ ਆਕਸੀਜਨ ਉਤਪਾਦਨ ਇਕਾਈਆਂ ਤੋਂ ਜਹਾਜ਼ ਰਾਹੀਂ ਹਸਪਤਾਲਾਂ ਤੱਕ ਆਕਸੀਜਨ ਪਹੁੰਚਾਉਣ ਦੇ ਯਤਨ ਕਰੇ। ਬੈਂਚ ਨੇ ਕਿਹਾ, ‘‘ਅਸੀਂ ਕੇਂਦਰ ਨੂੰ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਅਤੇ ਸਟੀਲ ਪਲਾਂਟਾਂ ਤੇ ਲੋੜ ਪੈਣ ’ਤੇ ਪੈਟਰੋਲੀਅਮ ਪਲਾਂਟਾਂ ਦੀ ਆਕਸੀਜਨ ਸਪਲਾਈ ਵੀ ਹਸਪਤਾਲਾਂ ਨੂੰ ਦੇਣ ਦੇ ਹੁਕਮ ਜਾਰੀ ਕਰਨ ਲਈ ਮਜਬੂਰ ਹਾਂ।’’ -ਪੀਟੀਆਈ
ਆਕਸੀਜਨ ਦੀ ਸਪਲਾਈ ਵਧਾਉਣ ਲਈ ਯਤਨ ਜਾਰੀ: ਕੇਂਦਰ
ਮੁਲਕ ਵਿਚ ਆਕਸੀਜਨ ਦੀ ਕਮੀ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਕੇਂਦਰ ਨੇ ਅੱਜ ਕਿਹਾ ਕਿ ਭਾਰਤ ਵਿਚ ਰੋਜ਼ਾਨਾ 7500 ਮੀਟ੍ਰਿਕ ਟਨ ਆਕਸੀਜਨ ਦਾ ਉਤਪਾਦਨ ਹੁੰਦਾ ਹੈ ਤੇ 6600 ਟਨ ਫ਼ਿਲਹਾਲ ਰਾਜਾਂ ਨੂੰ ਮੈਡੀਕਲ ਵਰਤੋਂ ਲਈ ਦਿੱਤੀ ਜਾਂਦੀ ਹੈ। ਸਰਕਾਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਦੀ ਸਪਲਾਈ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਨਵੀਆਂ ਹਦਾਇਤਾਂ ਮੁਤਾਬਕ ਕੁਝ ਉਦਯੋਗਾਂ ਨੂੰ ਛੱਡ ਬਾਕੀਆਂ ਨੂੰ ਆਕਸੀਜਨ ਸਪਲਾਈ ਰੋਕ ਦਿੱਤੀ ਗਈ ਹੈ ਤਾਂ ਕਿ ਵੱਧ ਤੋਂ ਵੱਧ ਇਸ ਦੀ ਵਰਤੋਂ ਮੈਡੀਕਲ ਮੰਤਵ ਲਈ ਕੀਤੀ ਜਾ ਸਕੇ। ਕੇਂਦਰ ਸਰਕਾਰ ਨੇ ਰਾਜਾਂ ਲਈ ਇਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ। ਸਰਕਾਰ ਆਕਸੀਜਨ ਦਰਾਮਦ ਕਰਨ ’ਤੇ ਵੀ ਵਿਚਾਰ ਕਰ ਰਹੀ ਹੈ। -ਪੀਟੀਆਈ