ਚੇਨੱਈ, 8 ਜਨਵਰੀ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਕਿਹਾ ਕਿ ਕੋਵਿਡ-19 ਖ਼ਿਲਾਫ਼ ਤਰਜੀਹੀ ਲੋਕਾਂ ਦੇ ਟੀਕਾਕਰਨ ਮਗਰੋਂ ਜਲਦੀ ਹੀ ਪੂਰੀ ਆਬਾਦੀ ਦਾ ਟੀਕਾਕਰਨ ਇੱਕ ਸੱਚਾਈ ਹੋਵੇਗੀ। ਇੱਥੇ ਰਾਜੀਵ ਗਾਂਧੀ ਸਰਕਾਰੀ ਹਸਪਤਾਲ ’ਚ ਕੋਵਿਡ-19 ਟੀਕਾਕਰਨ ਅਭਿਆਸ ਦੀ ਸਮੀਖਿਆ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਟੀਕਾਕਰਨ ਦੇ ਸੰਭਾਵੀ ਲਾਭਪਾਤਰੀਆਂ ਦਾ ਪਤਾ ਲਾਉਣ ਲਈ ਨਵੇਂ ਕੋਵਿਡ-19 ਮੰਚ ਦੀ ਸ਼ੁਰੂਆਤ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਨੂੰ ਈ-ਪ੍ਰਮਾਣ ਪੱਤਰ ਵੀ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਬਹੁਤ ਘੱਟ ਸਮੇਂ ਅੰਦਰ ਟੀਕਾ ਵਿਕਸਿਤ ਕਰਨ ’ਚ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਮੌਜੂਦਾ ਸਮੇਂ ’ਚ ਦੋ ਟੀਕਿਆਂ ਦੀ ਹੰਗਾਮੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘ਅਗਲੇ ਕੁਝ ਦਿਨਾਂ ’ਚ ਤੇ ਨੇੜ ਭਵਿੱਖ ’ਚ ਅਸੀਂ ਇਹ ਟੀਕਾ ਤਰਜੀਹੀ ਆਧਾਰ ’ਤੇ ਉਨ੍ਹਾਂ ਦੇਸ਼ਵਾਸੀਆਂ ਨੂੰ ਲਾਉਣ ਦੇ ਸਮਰੱਥ ਹੋਵਾਂਗੇ ਜਿਨ੍ਹਾਂ ਨੂੰ ਸਰਕਾਰੀ ਤੇ ਨਿੱਜੀ ਖੇਤਰ ’ਚ ਖਤਰਾ ਹੈ। ਸਰਕਾਰ ਪਹਿਲਾਂ ਹੀ ਇਸ ਯੋਜਨਾ ਨੂੰ ਜਨਤਕ ਕਰ ਚੁੱਕੀ ਹੈ।’ ਇਸੇ ਦੌਰਾਨ ਗੋਆ, ਕਰਨਾਟਕ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੜੀਸਾ, ਮੱਧ ਪ੍ਰਦੇਸ਼ ਤੇ ਦਿੱਲੀ ’ਚ ਵੀ ਕਰੋਨਾਵਾਇਰਸ ਦੇ ਟੀਕਾਕਰਨ ਦਾ ਅਭਿਆਸ ਕੀਤਾ ਗਿਆ ਹੈ।
-ਪੀਟੀਆਈ
ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਸੱਦਾ
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ 17 ਜਨਵਰੀ ਨੂੰ 5 ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਤੇ ਮਾਪੇ ਆਪਣੇ ਬੱਚਿਆਂ ਨੂੰ ਇਹ ਬੂੰਦਾਂ ਪਿਲਾਉਣੀਆਂ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਲ 2014 ’ਚ ਡਬਲਿਊਐੱਚਓ ਨੇ ਭਾਰਤ ਨੂੰ ਪੋਲੀਓ ਮੁਕਤ ਐਲਾਨ ਦਿੱਤਾ ਸੀ।