ਰਾਂਚੀ, 25 ਅਗਸਤ
ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਚੋਣ ਨੇਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵਿਧਾਇਕ ਵਜੋਂ ਅਯੋਗ ਠਹਿਰਾਉਣ ਲਈ ਕਿਹਾ ਹੈ। ਇਸੇ ਦੌਰਾਨ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਨੇ ਕਿਹਾ ਹੈ ਜੇਕਰ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਬਤੌਰ ਵਿਧਾਇਕ ਅਯੋਗ ਠਹਿਰਾਇਆ ਗਿਆ ਤਾਂ ਪਾਰਟੀ ਸੁਪਰੀਮ ਕੋਰਟ ਵਿੱਚ ਜਾਏਗੀ। ਪਾਰਟੀ ਦੇ ਮੁੱਖ ਤਰਜ਼ਮਾਨ ਸੁਪਰੀਓ ਭੱਟਾਚਾਰਿਆ ਨੇ ਕਿਹਾ ਕਿ ਫਿਲਹਾਲ ਸਰਕਾਰ ਬਹੁਮਤ ਵਿੱਚ ਹੈ ਤੇ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਰਾਜ ਭਵਨ ਵਿਚਲੇ ਸੂਤਰਾਂ ਨੇ ਕਿਹਾ ਕਿ ਈਸੀਆਈ ਨੇ ਸੂਬੇ ਦੇ ਰਾਜਪਾਲ ਰਮੇਸ਼ ਬੈਸ ਨੂੰ ਸੋਰੇਨ ਖਿਲਾਫ਼ ਉਪਰੋਕਤ ਕਾਰਵਾਈ ਲਈ ਕਿਹਾ ਹੈ। ਦਿੱਲੀ ਤੋਂ ਰਾਂਚੀ ਪੁੱਜੇ ਰਾਜਪਾਲ ਰਮੇਸ਼ ਬੈਸ ਨੇ ਕਿਹਾ ਕਿ ਉਹ ਰਾਜ ਭਵਨ ਵਿੱਚ ਸਾਰੇ ਹਾਲਾਤ ਦੀ ਸਮੀਖਿਆ ਮਗਰੋਂ ਹੀ ਇਸ ਬਾਰੇ ਕੋਈ ਟਿੱਪਣੀ ਕਰਨਗੇ। ਉਨ੍ਹਾਂ ਕਿਹਾ, ‘‘ਮੈਂ ਦੋ ਦਿਨਾਂ ਲਈ ਦਿੱਲੀ ਦੇ ਏਮਸ ਵਿੱਚ ਸੀ। ਮੈਂ ਰਾਜ ਭਵਨ ਪੁੱਜ ਕੇ ਹੀ ਅਜਿਹੇ ਕਿਸੇ ਫੈਸਲੇ ਬਾਰੇ ਟਿੱਪਣੀ ਕਰਨ ਦੀ ਸਥਿਤੀ ਵਿੱਚ ਹੋਵਾਂਗਾ।’’ ਕਾਬਿਲੇਗੌਰ ਹੈ ਕਿ ਚੋਣ ਕਮਿਸ਼ਨ ਨੇ ਅੱਜ ਸਵੇਰੇ ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਨੂੰ ਸੀਲਬੰਦ ਲਿਫ਼ਾਏ ਵਿੱਚ ਭੇਜੀ ਆਪਣੀ ਰਾਇ ਵਿੱਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵਿਧਾਇਕ ਵਜੋਂ ਅਯੋਗ ਠਹਿਰਾਉਣ ਦੀ ਅਪੀਲ ਕੀਤੀ ਸੀ। ਚੋਣ ਕਮਿਸ਼ਨ ਨੇ ਦਾਅਵਾ ਕੀਤਾ ਸੀ ਕਿ ਸੋਰੇਨ, ਜੋ ਮੁੱਖ ਮੰਤਰੀ ਦੇ ਨਾਲ ਸੂਬੇ ਦੇ ਖਣਨ ਮੰਤਰੀ ਵੀ ਹਨ, ਨੇ ਨੇਮਾਂ ਨੂੰ ਛਿੱਕੇ ਟੰਗਦੇ ਹੋਏ ਖੁ਼ਦ ਨੂੰ ਖਣਨ ਦਾ ਠੇਕਾ ਅਲਾਟ ਕੀਤਾ ਹੈ। -ਪੀਟੀਆਈ