ਨਵੀਂ ਦਿੱਲੀ, 9 ਮਾਰਚ
ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਥਿਤ ਬੇਨਿਯਮੀਆਂ ਦੀ ਵਿਰੋਧੀ ਪਾਰਟੀਆਂ ਦੀ ਸ਼ਿਕਾਇਤ ਨੂੰ ਦੇਖਦਿਆਂ ਮੇਰਠ ਅਤੇ ਵਾਰਾਣਸੀ ਵਿੱਚ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਲਈ ਬੁੱਧਵਾਰ ਨੂੰ ਵਿਸ਼ੇਸ਼ ਅਧਿਕਾਰੀਆਂ ਨੂੰ ਭੇਜਿਆ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੂੰ ਮੇਰਠ ਵਿੱਚ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਲਈ ਵਿਸ਼ੇਸ਼ ਅਧਿਕਾਰੀ ਵਜੋਂ ਭੇਜਿਆ ਗਿਆ ਹੈ ਅਤੇ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਨੂੰ ਵਾਰਾਣਸੀ ਭੇਜਿਆ ਗਿਆ ਹੈ। ਪੰਜਾਬ, ਉਤਰ ਪ੍ਰਦੇਸ਼, ਗੋਆ, ਮਣੀਪੁਰ ਅਤੇ ਉੱਤਰਾਖੰਡ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵੀਰਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਕਮਿਸ਼ਨ ਅਨੁਸਾਰ ਵੋਟਾਂ ਦੀ ਗਿਣਤੀ ਦਾ ਅਮਲ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 671 ਵੋਟ ਗਿਣਤੀ ਅਬਜ਼ਰਵਰ, 130 ਪੁਲੀਸ ਅਬਜ਼ਰਵਰ ਅਤੇ 10 ਵਿਸ਼ੇਸ਼ ਅਬਜ਼ਰਵਰ ਲਗਾਏ ਗਏ ਹਨ। ਸਮਾਜਵਾਦੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਵਾਰਾਣਸੀ ਵਿੱਚ ਮੰਗਲਵਾਰ ਨੂੰ ਸਿਆਸੀ ਪਾਰਟੀਆਂ ਦੀ ਜਾਣਕਾਰੀ ਬਿਨਾਂ ਈਵੀਐਮ ਭੇਜੀਆਂ ਗਈਆਂ। ਇਸ ਤੋਂ ਪਹਿਲਾਂ ਮੇਰਠ ਵਿੱਚ ਵੋਟਿੰਗ ਦੌਰਾਨ ਪ੍ਰੋਟੋਕਾਲ ਦੀ ਉਲੰਘਣਾ ਦੇ ਦੋਸ਼ ਲੱਗੇ ਸਨ। ਕਮਿਸ਼ਨ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। -ਏਜੰਸੀ