ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪੰਜ ਰਾਜਾਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਡਿਜੀਟਲ ਪ੍ਰਚਾਰ ’ਤੇ ਕੀਤੇ ਗਏ ਖਰਚੇ ਦੀ ਜਾਣਕਾਰੀ ਦੱਸਣ ਲਈ ਉਮੀਦਵਾਰਾਂ ਦੇ ਚੋਣ ਖਰਚ ਵਾਲੀ ਸੂਚੀ ਵਿੱਚ ਇੱਕ ਨਵਾਂ ਕਾਲਮ ਜੋੜ ਦਿੱਤਾ ਹੈ। ਉਮੀਦਵਾਰ ਪਿਛਲੀਆਂ ਚੋਣਾਂ ’ਚ ਵੀ ਡਿਜੀਟਲ ਪ੍ਰਚਾਰ ’ਤੇ ਕੀਤੇ ਗਏ ਖਰਚ ਦਾ ਜ਼ਿਕਰ ਕਰਦੇ ਸਨ ਪਰ ਇਹ ਪਹਿਲੀ ਵਾਰ ਹੈ ਕਿ ਅਜਿਹੇ ਖਰਚ ਦੇ ਵੇਰਵੇ ਦਰਜ ਕਰਨ ਲਈ ਇੱਕ ਕਾਲਮ ਜੋੜਿਆ ਗਿਆ ਹੈ। ਚੋਣ ਕਮਿਸ਼ਨ ਨੇ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ’ਚ ਪਹਿਲੀ ਵਾਰ ਚੋਣ ਲਈ ਰਿਟਰਨ ਦੇ ਢੰਗ ’ਚ ਤਬਦੀਲੀ ਕਰਕੇ ਨਵਾਂ ਕਾਲਮ ਬਣਾਇਆ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਮੀਦਵਾਰਾਂ ਤੇ ਪਾਰਟੀਆਂ ਵੱਲੋਂ ਅਜਿਹਾ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਇਸ ਸਬੰਧੀ ਇੱਕ ਕਾਲਮ ਸ਼ੁਰੂ ਕੀਤਾ ਗਿਆ ਹੈ। -ਪੀਟੀਆਈ