ਬਾਰਾਬੰਕੀ (ਯੂਪੀ), 2 ਅਪਰੈਲ
ਵਿਧਾਇਕ ਮੁਖਤਾਰ ਅੰਸਾਰੀ ਨੂੰ ਮੁਹਾਲੀ ਦੀ ਇੱਕ ਅਦਾਲਤ ’ਚ ਪੇਸ਼ ਕਰਨ ਲਈ ਲਿਜਾਣ ਸਮੇਂ ਵਰਤੀ ਗਈ ਉੱਤਰ ਪ੍ਰਦੇਸ਼ ਦੇ ਨੰਬਰ ਵਾਲੀ ਐਂਬੂਲੈਂਸ ਦੇ ਰਜਿਸਟਰੇਸ਼ਨ ਨੰਬਰ ਦੇ ਦਸਤਾਵੇਜ਼ ਫਰਜ਼ੀ ਪਾਏ ਜਾਣ ’ਤੇ ਬਾਰਾਬੰਕੀ ਥਾਣੇ ’ਚ ਐੱਫਆਈਆਰ ਦਰਜ ਕੀਤੀ ਗਈ ਹੈ। ਉੱਤਰ ਪ੍ਰਦੇਸ਼ ’ਚ ਕਈ ਮਾਮਲਿਆਂ ’ਚ ਲੋੜੀਂਦੇ ਮੁਖਤਾਰ ਅੰਸਾਰੀ ਨੂੰ ਜਬਰੀ ਵਸੂਲੀ ਦੇ ਇੱਕ ਕੇਸ ’ਚ 31 ਮਾਰਚ ਨੂੰ ਰੋਪੜ ਪੁਲੀਸ ਵੱਲੋਂ ਮੁਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ, ‘ਮੁੱਢਲੀ ਜਾਂਚ ਮਗਰੋਂ ਐਂਬੂਲੈਂਸ ਦੀ ਰਜਿਸਟਰੇਸ਼ਨ ਲਈ ਦਿੱਤਾ ਗਿਆ ਨਾਂ ਅਤੇ ਪਤਾ ਗਲਤ ਪਾਇਆ ਗਿਆ ਹੈ। ਇਸ ਸਬੰਧੀ ਇੱਕ ਐੱਫਆਈਆਰ ਸਹਾਇਕ ਆਵਾਜਾਈ ਅਧਿਕਾਰੀ (ਏਆਰਟੀਓ) ਵੱਲੋਂ ਡਾ. ਅਲਕਾ ਰਾਏ ਖ਼ਿਲਾਫ਼ ਦਰਜ ਕਰਵਾਈ ਗਈ ਹੈ, ਜਿਸ ਦਾ ਨਾਂ ਐਂਬੂਲੈਂਸ ਦੀ ਰਜਿਸਟਰੇਸ਼ਨ ਲਈ ਦਿੱਤਾ ਗਿਆ ਸੀ।’ ਬਾਰਾਬੰਕੀ ਦੇ ਪੁਲੀਸ ਕਪਤਾਨ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਲੰਘੇ ਕੁਝ ਦਿਨਾਂ ਤੋਂ ਮੀਡੀਆ ਰਾਹੀਂ ਇੱਕ ਐਂਬੂਲੈਂਸ ਬਾਰੇ ਸੂਚਨਾ ਮਿਲ ਰਹੀ ਸੀ, ਜਿਸ ਦਾ ਰਜਿਸਟਰੇਸ਼ਨ ਨੰਬਰ ਯੂਪੀ 41 ਏਟੀ 7171 ਹੈ। ਉਨ੍ਹਾਂ ਮੁਤਾਬਕ ਇਹ ਐਂਬੂਲੈਂਸ ਬਾਰਾਬੰਕੀ ਟਰਾਂਸਪੋਰਟ ਦਫ਼ਤਰ ’ਚ ਰਜਿਸਟਰਡ ਪਾਈ ਗਈ। ਇਸ ਬਾਰੇ ਟਰਾਂਸਪੋਰਟ ਦਫ਼ਤਰ ਅਤੇ ਬਾਕੀ ਸਬੰਧਤ ਵਿਭਾਗਾਂ ਤੋਂ ਹਾਸਲ ਕੀਤੀ ਜਾਣਕਾਰੀ ’ਚ ਪਤਾ ਲੱਗਾ ਕਿ ਇਸ ਵਾਹਨ ਦੀ ਰਜਿਸਟਰੇਸ਼ਨ ਲਈ ਵਰਤੇ ਗਏ ਦਸਤਾਵੇਜ਼, ਜਿਵੇਂ ਵੋਟਰ ਕਾਰਡ, ਪੈਨ ਕਾਰਡ ਆਦਿ ਸਭ ਫਰਜ਼ੀ ਸਨ। ਦਸਤਾਵੇਜ਼ਾਂ ’ਤੇ ਦਰਜ ਐਡਰੈੱਸ ਵੀ ਗਲਤ ਪਾਏ ਗਏ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
ਮੁਹਾਲੀ ਅਦਾਲਤ ਵੱਲੋਂ ਅੰਸਾਰੀ ਦੀ ਮੈਡੀਕਲ ਜਾਂਚ ਸਬੰਧੀ ਅਰਜ਼ੀ ਰੱਦ
ਚੰਡੀਗੜ੍ਹ: ਮੁਹਾਲੀ ਦੀ ਇੱਕ ਅਦਾਲਤ ਵੱਲੋਂ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੈਡੀਕਲ ਜਾਂਚ ਸਬੰਧੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਬਸਪਾ ਵਿਧਾਇਕ ਅੰਸਾਰੀ ਨੇ ਅਰਜ਼ੀ ’ਚ ਆਪਣੀ ਸਿਹਤ ਜਾਂਚ ਵਾਸਤੇ ਇੱਕ ਮੈਡੀਕਲ ਬੋਰਡ ਬਣਾਉਣ ਲਈ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦੀ ਮੰਗ ਕੀਤੀ ਸੀ। ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ (ਜੇਐੱਮਆਈਸੀ) ਅਮਿਤ ਨੇ ਕਿਹਾ ਕਿ ਇਸ ਸਬੰਧ ਵਿੱਚ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਉਸ ਦੀ ਅਰਜ਼ੀ ’ਤੇ ਵਿਚਾਰ ਕੀਤੀ ਜਾ ਚੁੱਕੀ ਹੈ। ਮੁਹਾਲੀ ਅਦਾਲਤ ਦੇ ਜੱਜ ਨੇੇ ਕਿਹਾ, ‘26 ਮਾਰਚ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਰਿਕਾਰਡ ’ਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਤੋਂ ਇਹ ਲੱਗਦਾ ਹੋਵੇ ਮੁਲਜ਼ਮ ਦਾ ਮੈਡੀਕਲ ਸਮੱਸਿਆ ਕੋਈ ਨਵਾਂ ਮਾਮਲਾ ਹੈ।’ ਜੱਜ ਨੇ 31 ਮਾਰਚ ਨੂੰ ਆਪਣੇ ਹੁਕਮ ’ਚ ਲਿਖਿਆ ਮੁਲਜ਼ਮ ਦੇ ਇਲਾਜ ਲਈ ਬੋਰਡ ਬਣਾਉਣ ਵਾਸਤੇ ਵੱਖਰੇ ਤੌਰ ’ਤੇ ਕੋਈ ਹੁਕਮ ਪਾਸ ਕਰਨ ਦੀ ਲੋੜ ਨਹੀਂ ਹੈ। -ਪੀਟੀਆਈ