ਨਵੀਂ ਦਿੱਲੀ, 31 ਅਗਸਤ
ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ’ਚ ਪਾਰਦਰਸ਼ਤਾ ਦੀ ਮੰਗ ਦੇ ਸੁਰ ਤੇਜ਼ ਹੋ ਗਏ ਹਨ। ਪਾਰਟੀ ਆਗੂਆਂ ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਕਾਰਤੀ ਚਿਦੰਬਰਮ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਦੀ ਚੋਣ ਦੇ ਅਮਲ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵੋਟਰ ਸੂਚੀਆਂ ਜਨਤਕ ਕੀਤੀਆਂ ਜਾਣ। ਕਾਂਗਰਸ ਦੇ ਸੰਸਦ ਮੈਂਬਰ ਅਤੇ ਜੀ-23 ਧੜੇ ਦੇ ਆਗੂ ਤਿਵਾੜੀ ਨੇ ਪਾਰਟੀ ਵੱਲੋਂ ਵੋਟਰਾਂ ਦੇ ਨਾਮ ਜਨਤਕ ਨਾ ਕਰਨ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪ੍ਰਧਾਨ ਦੀ ਚੋਣ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵੋਟਰਾਂ ਦੇ ਨਾਮ ਏਆਈਸੀਸੀ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਹੋਣੇ ਚਾਹੀਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਵਾਲੇ ਆਗੂ ਨੂੰ ਵੋਟਰਾਂ ਦੀ ਸੂਚੀ ਲੈਣ ਲਈ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਕਿਉਂ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਜ ਤਾਂ ਕਿਸੇ ਕਲੱਬ ਦੀਆਂ ਚੋਣਾਂ ’ਚ ਵੀ ਨਹੀਂ ਹੁੰਦਾ ਹੈ। ਤਿਵਾੜੀ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ,‘‘ਮਧੂਸੂਦਨ ਮਿਸਤਰੀ ਜੀ, ਵੋਟਰ ਸੂਚੀਆਂ ਨਾ ਮਿਲਣ ’ਤੇ ਚੋਣਾਂ ਨਿਰਪੱਖ ਅਤੇ ਆਜ਼ਾਦ ਢੰਗ ਨਾਲ ਨੇਪਰੇ ਕਿਵੇਂ ਚੜ੍ਹ ਸਕਦੀਆਂ ਹਨ? ਵੋਟਰਾਂ ਦੇ ਨਾਮ ਅਤੇ ਪਤੇ ਕਾਂਗਰਸ ਦੀ ਵੈੱਬਸਾਈਟ ’ਤੇ ਪਾਰਦਰਸ਼ੀ ਢੰਗ ਨਾਲ ਪ੍ਰਕਾਸ਼ਿਤ ਹੋਣੇ ਚਾਹੀਦੇ ਹਨ।’’ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੇ ਚੇਅਰਮੈਨ ਮਿਸਤਰੀ ਨੇ ਕਿਹਾ ਹੈ ਕਿ ਸੂਚੀ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਹੈ ਪਰ ਜੇਕਰ ਕੋਈ ਪਾਰਟੀ ਮੈਂਬਰ ਇਸ ਨੂੰ ਦੇਖਣਾ ਚਾਹੁੰਦਾ ਹੈ ਤਾਂ ਉਹ ਪੀਸੀਸੀ ਦਫ਼ਤਰ ’ਚ ਦੇਖ ਸਕਦਾ ਹੈ। ‘ਉਂਜ ਨਾਮਜ਼ਦਗੀ ਕਾਗਜ਼ ਭਰਨ ਮਗਰੋਂ ਇਹ ਸੂਚੀ ਉਮੀਦਵਾਰ ਨੂੰ ਦਿੱਤੀ ਜਾਵੇਗੀ।’ ਕਾਂਗਰਸ ਦੇ ਇਕ ਹੋਰ ਸੰਸਦ ਮੈਂਬਰ ਸ਼ਸ਼ੀ ਥਰੂਰ, ਜਿਨ੍ਹਾਂ ਪ੍ਰਧਾਨਗੀ ਦੀ ਚੋਣ ਲੜਨ ਦਾ ਇਰਾਦਾ ਜ਼ਾਹਿਰ ਕੀਤਾ ਹੈ, ਨੇ ਤਿਵਾੜੀ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਅਤੇ ਕੌਣ ਵੋਟ ਪਾ ਸਕਦਾ ਹੈ। ਤਿਰੂਵਨੰਤਪੁਰਮ ’ਚ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਤਿਵਾੜੀ ਨੇ ਜੋ ਮੁੱਦਾ ਉਠਾਇਆ ਹੈ, ਉਸ ’ਚ ਗਲਤ ਕੁਝ ਵੀ ਨਹੀਂ ਹੈ। ਪਾਰਟੀ ਦੇ ਇਕ ਹੋਰ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਵੀ ਉਨ੍ਹਾਂ ਦੇ ਵਿਚਾਰਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਹਰੇਕ ਚੋਣ ’ਚ ਵੋਟਰ ਸੂਚੀ ਹੁੰਦੀ ਹੈ ਅਤੇ ‘ਸੁਧਾਰ ਦੀ ਮੰਗ ਕਰਨ ਵਾਲੇ ਬਾਗ਼ੀ’ ਨਹੀਂ ਹੁੰਦੇ ਹਨ। ਉਨ੍ਹਾਂ ਟਵਿੱਟਰ ’ਤੇ ਕਿਹਾ ਕਿ ਆਰਜ਼ੀ ਚੋਣ ਸੂਚੀ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ,‘‘ਹਰ ਹਲਕੇ ’ਚ ਪ੍ਰਾਇਮਰੀ ਹੋਣੀ ਚਾਹੀਦੀ ਹੈ ਪਰ ਇਸ ਲਈ ਪਰਿਭਾਸ਼ਿਤ ਅਤੇ ਪਾਰਦਰਸ਼ੀ ਮੈਂਬਰਾਂ ਦੀ ਸੂਚੀ ਜ਼ਰੂਰੀ ਹੈ। ਅੱਜ ਅਸੀਂ ਮੈਂਬਰਾਂ ਦੀ ਗਿਣਤੀ ਦਾ ਦਾਅਵਾ ਕਰਦੇ ਹਾਂ ਪਰ ਕਿਸੇ ਨੇ ਇਸ ਦੀ ਤਸਦੀਕ ਨਹੀਂ ਕੀਤੀ ਹੈ।’’ ਚੋਣ ਦੇ ਅਮਲ ’ਤੇ ਸਵਾਲ ਉਠਾਉਂਦਿਆਂ ਤਿਵਾੜੀ ਨੇ ਕਿਹਾ ਕਿ ਕੋਈ ਚੋਣ ਕਿਵੇਂ ਲੜ ਸਕਦਾ ਹੈ ਜਦਕਿ ਉਸ ਨੂੰ ਵੋਟਰਾਂ ਦਾ ਹੀ ਪਤਾ ਨਹੀਂ ਹੈ। ‘ਜੇਕਰ ਕਿਸੇ ਨੇ ਨਾਮਜ਼ਦਗੀ ਭਰਨੀ ਹੈ ਅਤੇ 10 ਕਾਂਗਰਸੀ ਉਸ ਦੇ ਨਾਮ ਨੂੰ ਪ੍ਰਸਤਾਵਿਤ ਕਰਦੇ ਹਨ ਤਾਂ ਕੇਂਦਰੀ ਚੋਣ ਅਥਾਰਿਟੀ ਇਹ ਆਖ ਕੇ ਨਾਮ ਰੱਦ ਕਰ ਸਕਦੀ ਹੈ ਕਿ ਉਹ ਜਾਇਜ਼ ਵੋਟਰ ਨਹੀਂ ਹਨ।’ ਪਾਰਟੀ ਆਗੂ ਮਨੀਕਮ ਟੈਗੋਰ ਨੇ ਕਿਹਾ ਕਿ ਪਾਰਟੀ ਦੇ ਸਾਥੀ ਭਰਮ ਕਿਉਂ ਪੈਦਾ ਕਰ ਰਹੇ ਹਨ ਸਗੋਂ ਉਨ੍ਹਾਂ ਨੂੰ ਖੁੱਲ੍ਹੀ ਪ੍ਰਣਾਲੀ ’ਤੇ ਮਾਣ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਦੀ ਚੋਣ ਦਾ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਹੋਵੇਗਾ ਅਤੇ ਨਾਮਜ਼ਦਗੀਆਂ 24 ਤੋਂ 30 ਸਤੰਬਰ ਤੱਕ ਭਰੀਆਂ ਜਾ ਸਕਣਗੀਆ। ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 8 ਅਕਤੂਬਰ ਹੈ ਅਤੇ ਜੇਕਰ ਲੋੜ ਪਈ ਤਾਂ 17 ਅਕਤੂਬਰ ਨੂੰ ਵੋਟਾਂ ਪੈਣਗੀਆਂ। -ਪੀਟੀਆਈ
ਕਾਂਗਰਸ ਵੱਲੋਂ ਵੋਟਰ ਸੂਚੀਆਂ ਜਨਤਕ ਕਰਨ ਦੀ ਮੰਗ ਰੱਦ
ਤਿਰੂਵਨੰਤਾਪੁਰਮ: ਕਾਂਗਰਸ ਨੇ ਪਾਰਟੀ ਦੇ ਕੁੱਝ ਲੀਡਰਾਂ ਵੱਲੋਂ ਡੈਲੀਗੇਟਾਂ ਦੀ ਵੋਟਰ ਸੂਚੀ ਜਨਤਕ ਕਰਨ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਕਾਂਗਰਸ ਦੇ ਜਨਰਲ ਸਕੱਤਰ (ਆਰਗੇਨਾਈਜੇਸ਼ਨ) ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਇਹ ਪਾਰਟੀ ਦੀ ਅੰਦਰੂਨੀ ਪ੍ਰਕਿਰਿਆ ਹੈ। ਕੋਈ ਵੀ ਮੈਂਬਰ ਪਾਰਟੀ ਦੇ ਸੂਬਾਈ ਦਫਤਰ ਤੋਂ ਵੋਟਰ ਸੂਚੀ ਹਾਸਲ ਕਰ ਸਕਦਾ ਹੈ। -ਪੀਟੀਆਈ
ਥਰੂਰ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੇ ਯੋਗ: ਸੁਧਾਕਰਨ
ਤਿਰੂਵਨੰਤਪੁਰਮ: ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੇ ਸੁਧਾਕਰਨ ਨੇ ਕਿਹਾ ਹੈ ਕਿ ਕਾਂਗਰਸ ਲੋਕਰਾਜੀ ਪਾਰਟੀ ਹੈ ਅਤੇ ਇਸ ਦੇ ਮੈਂਬਰ ਸ਼ਸ਼ੀ ਥਰੂਰ ਪਾਰਟੀ ਪ੍ਰਧਾਨ ਦੀ ਚੋਣ ਲੜਨ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮੈਂਬਰਾਂ ਨੂੰ ਪ੍ਰਧਾਨ ਦੀ ਚੋਣ ਲੜਨ ਦਾ ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਜੇਕਰ ਥਰੂਰ ਚੋਣ ਲੜਨਾ ਚਾਹੁੰਦੇ ਹਨ ਤਾਂ ਪਾਰਟੀ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਥਰੂਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਮੈਦਾਨ ’ਚ ਉਤਰਨ ਬਾਰੇ ਕੋਈ ਫ਼ੈਸਲਾ ਲੈਣਗੇ। -ਪੀਟੀਆਈ