ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਨਵੰਬਰ
ਦਿੱਲੀ ਦੇ ਮੁੰਡਕਾ ਵਿੱਚ ਦਿੱਲੀ ਦਿਹਾਤ ਸੰਗਠਨ ਦੇ ਬੈਨਰ ਹੇਠ ਪੰਚਾਇਤ ਕੀਤੀ ਗਈ ਤੇ ਅੰਦੋਲਨਕਾਰੀ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਗਿਆ। ਇਹ ਮੰਗ ਕੀਤੀ ਗਈ ਕਿ ਦੇਸ਼ ਦੇ ਕਿਸਾਨਾਂ ਨੂੰ ਐੱਮਐੱਸਪੀ ਦੀ ਗਰੰਟੀ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਾਨੂੰਨ ਵਿੱਚ ਐੱਮਐੱਸਪੀ ਦਰਜ ਕੀਤਾ ਜਾਵੇ। ਦਿੱਲੀ ਵਿੱਚ ਆਧੁਨਿਕ ਵਿਕਾਸ ਦਾ ਅਨੁਭਵ ਕਰਨ ਤੋਂ ਬਾਅਦ ਕਿਸਾਨਾਂ ਦੇ ਦਰਦ ਨੂੰ ਪੰਚਾਇਤ ਵਿੱਚ ਮਹਿਸੂਸ ਕੀਤਾ ਗਿਆ। ਦਿੱਲੀ ਵਿੱਚ 360 ਪਿੰਡ ਹਨ ਤੇ ਉਨ੍ਹਾਂ ਵਿੱਚੋਂ 125 ਵਿੱਚ ਕਿਸਾਨ ਖੇਤੀਬਾੜੀ ਕਰਦੇ ਹਨ। ਵੱਖ-ਵੱਖ ਪਿੰਡਾਂ ਤੋਂ ਆਏ ਨਿਵਾਸੀਆਂ ਨੇ ਕਿਹਾ ਕਿ ਉਹ ਦਿੱਲੀ ਚੱਲੋ ਅੰਦੋਲਨ ਦਾ ਸਾਥ ਦੇਣਗੇ। ਸਾਰੇ ਕਿਸਾਨਾਂ ਦੀਆਂ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਕਰੀਬ ਇੱਕੋ ਜਿਹੀਆਂ ਹੀ ਹੁੰਦੀਆ ਹਨ। ਇਸ ਲਈ ਕਾਰਪੋਰੇਟ ਦੇ ਚੁੰਗਲ ਤੋਂ ਪੰਜਾਬ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਰਾਜਾਂ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਬਚਾਉਣ ਲਈ ਦਿੱਲੀ ਦੇ ਕਿਸਾਨਾਂ ਦੀ ਵਿਥਿਆ ਦੱਸੀ ਜਾਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਮੁੁਗ਼ਲ ਤੇ ਅੰਗਰੇਜ਼ੀ ਹਕੂਮਤ ਦੇ ਸਮਿਆਂ ਵਿੱਚ ਦਿੱਲੀ ਦੇ ਕਿਸਾਨਾਂ ਦੇ ਉਜਾੜੇ ਦੀ ਦਾਸਤਾਨ ਨਾਲ ਕਾਰਪੋਰੇਟਸ ਦੀ ਚਾਲ ਸੌਖੇ ਹੀ ਸਮਝੀ ਜਾ ਸਕਦੀ ਹੈ।