ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਫਰਵਰੀ
ਦਿੱਲੀ ਦੀ ‘ਆਪ’ ਸਰਕਾਰ ਨੇ ਅੱਜ ਦਿੱਲੀ ਜਲ ਬੋਰਡ ਵਿੱਚ ਠੇਕੇ ’ਤੇ ਕੰਮ ਕਰਦੇ 700 ਮੁਲਾਜ਼ਮਾਂ ਨੂੰ ਰੈਗੂਲਰ ਕਰ ਦਿੱਤਾ ਹੈ। ਦੇਸ਼ ’ਚ ਇਹ ਪਹਿਲੀ ਵਾਰ ਹੈ ਜਦ ਠੇਕੇ ’ਤੇ ਰੱਖੇ ਐਨੇ ਮੁਲਾਜ਼ਮਾਂ ਨੂੰ ਇੱਕੋ ਸਮੇਂ ਪੱਕੀ ਸਰਕਾਰੀ ਨੌਕਰੀ ਮਿਲੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਸਰਟੀਫਿਕੇਟ ਦਿੰਦੇ ਹੋਏ ਕਿਹਾ, ‘ਦਿੱਲੀ ਰਾਜ ਬਣਨ ਤੋਂ ਬਾਅਦ ਐਨੇ ਵੱਡੇ ਪੱਧਰ ’ਤੇ ਕੱਚੇ ਕਾਮਿਆਂ ਨੂੰ ਕਦੇ ਪੱਕਾ ਨਹੀਂ ਕੀਤਾ ਗਿਆ। ਹੁਣ ਪੂਰੇ ਦੇਸ਼ ਵਿੱਚ ਮੰਗ ਉੱਠੇਗੀ ਕਿ ਜਦੋਂ ਦਿੱਲੀ ਵਿੱਚ ਹੋ ਸਕਦਾ ਹੈ ਤਾਂ ਇੱਥੇ ਕਿਉਂ ਨਹੀਂ ਹੋ ਸਕਦਾ? ਮੇਰਾ ਮਕਸਦ ਹੈ ਕਿ ਦਿੱਲੀ ਸਰਕਾਰ ਦੇ ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਪੱਕੇ ਹੋਣ ਪਰ ਸਾਡੇ ਕੋਲ ਤਾਕਤ ਬਹੁਤ ਘੱਟ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਰਮਚਾਰੀ ਹੁਣ ਸੁਰੱਖਿਅਤ ਹੋ ਗਏ ਹਨ। ਹੁਣ ਉਹ ਪਹਿਲਾਂ ਨਾਲੋਂ ਦੁੱਗਣਾ ਕੰਮ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਅੰਦਰ ਅਜਿਹਾ ਮਾਹੌਲ ਬਣਾਇਆ ਗਿਆ ਹੈ ਕਿ ਜੇਕਰ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇ ਤਾਂ ਉਹ ਕੰਮ ਨਹੀਂ ਕਰਦੇ ਜਦਕਿ ਅਜਿਹਾ ਨਹੀਂ ਹੈ। ਮੁੱਖ ਮੰਤਰੀ ਵੱਲੋਂ ਦਿੱਲੀ ਜਲ ਬੋਰਡ ਦੇ ਇਨ੍ਹਾਂ ਠੇਕਾ ਅਧਾਰਿਤ ਕਾਮਿਆਂ ਨੂੰ ਰੈਗੂਲਰ ਕਰਨ ਦਾ ਸਰਟੀਫਿਕੇਟ ਸੌਂਪਿਆ ਗਿਆ। ਸਰਟੀਫਿਕੇਟ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਸਰਕਾਰੀ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਦੂਰ ਕਰ ਦਿੱਤੀਆਂ ਜਾਣ ਤਾਂ ਉਨ੍ਹਾਂ ਤੋਂ ਵੱਧ ਕੰਮ ਕੋਈ ਨਹੀਂ ਕਰ ਸਕਦਾ।