ਨਵੀਂ ਦਿੱਲੀ, 13 ਅਗਸਤ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਰਕਾਰ ’ਚ ਮੰਤਰੀ ਰਹੇ ਕੇ ਨਟਵਰ ਸਿੰਘ ਨੇ ਮਸ਼ਹੂਰ ਲੇਖਕ ਸਲਮਾਨ ਰਸ਼ਦੀ ਦੀ ਵਿਵਾਦਤ ਕਿਤਾਬ ‘ਸਟੈਨਿਕ ਵਰਸਿਜ਼’ ’ਤੇ ਪਾਬੰਦੀ ਲਾਉਣ ਸਬੰਧੀ ਤਤਕਾਲੀ ਸਰਕਾਰ ਦੇ ਫ਼ੈਸਲੇ ਦਾ ਬਚਾਅ ਕੀਤਾ ਤੇ ਕਿਹਾ ਕਿ ਇਹ ਫ਼ੈਸਲਾ ਪੂਰੀ ਤਰ੍ਹਾਂ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ’ਚ ਰੱਖ ਕੇ ਲਿਆ ਗਿਆ ਸੀ। 1988 ’ਚ ਜਦੋਂ ਇਸ ਕਿਤਾਬ ’ਤੇ ਪਾਬੰਦੀ ਲਾਈ ਗਈ ਸੀ ਤਾਂ ਨਟਵਰ ਸਿੰਘ ਵਿਦੇਸ਼ ਮੰਤਰੀ ਸਨ। ਉਨ੍ਹਾਂ ਕਿਹਾ ਕਿ ਉਹ ਕਿਤਾਬ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ’ਚ ਸ਼ਾਮਲ ਸਨ ਤੇ ਉਨ੍ਹਾਂ ਤਤਕਾਲੀ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਇਹ ਕਿਤਾਬ ਅਮਨ-ਕਾਨੂੰਨ ਲਈ ਗੰਭੀਰ ਹਾਲਾਤ ਪੈਦਾ ਕਰ ਸਕਦੀ ਹੈ ਕਿਉਂਕਿ ਲੋਕ ਰੋਹ ਵਿੱਚ ਹਨ। ਨਟਵਰ ਸਿੰਘ (91) ਨੇ ਆਲੋਚਕਾਂ ਦੇ ਉਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਰਾਜੀਵ ਗਾਂਧੀ ਸਰਕਾਰ ਨੇ ਕਿਤਾਬ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਮੁਸਲਮਾਨਾਂ ਪ੍ਰਤੀ ਤੰਗ ਸੋਚ ਕਾਰਨ ਲਿਆ ਸੀ। -ਪੀਟੀਆਈ
ਰਸ਼ਦੀ ’ਤੇ ਹੋਏ ਹਮਲੇ ਤੋਂ ਹੈਰਾਨ ਹਾਂ: ਥਰੂਰ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਸਲਮਾਨ ਰਸ਼ਦੀ ’ਤੇ ਹੋਏ ਹਮਲੇ ਬਾਰੇ ਕਿਹਾ ਕਿ ਉਹ ਇਸ ਘਟਨਾ ਤੋਂ ਹੈਰਾਨ ਹਨ। ਉਨ੍ਹਾਂ ਟਵੀਟ ਕੀਤਾ, ‘ਸਲਮਾਨ ਰਸ਼ਦੀ ਨੂੰ ਚਾਕੂ ਮਾਰਨ ਦੀ ਘਟਨਾ ਤੋਂ ਹੈਰਾਨ ਹਾਂ। ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਮੈਂ ਇਹ ਜ਼ਰੂਰ ਮੰਨਦਾ ਹਾਂ ਕਿ ਸ਼ਾਇਦ ਉਨ੍ਹਾਂ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਸਧਾਰਨ ਨਾ ਹੋਵੇ।’