ਨਵੀਂ ਦਿੱਲੀ, 27 ਸਤੰਬਰ
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੱਲੋਂ ਸ਼ਿਵ ਸੈਨਾ ਬਾਰੇ ਦਾਇਰ ਅਰਜ਼ੀ ’ਤੇ ਸੁਣਵਾਈ ਦੀ ਇਜਾਜ਼ਤ ਦੇ ਦਿੱਤੀ ਹੈ। ਸ਼ਿੰਦੇ ਨੇ ਆਪਣੀ ਅਪੀਲ ਵਿਚ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦਿੱਤੀ ਜਾਵੇ ਤੇ ਤੀਰ-ਕਮਾਨ ਚੋਣ ਨਿਸ਼ਾਨ ਵੀ ਉਨ੍ਹਾਂ ਨੂੰ ਦਿੱਤਾ ਜਾਵੇ। ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਊਧਵ ਠਾਕਰੇ ਦੇ ਧੜੇ ਦੀ ਉਹ ਅਰਜ਼ੀ ਰੱਦ ਕਰ ਦਿੱਤੀ ਜਿਸ ਵਿਚ ਉਨ੍ਹਾਂ ਇਹ ਮਾਮਲਾ ਚੋਣ ਕਮਿਸ਼ਨ ਨੂੰ ਨਾ ਸੌਂਪਣ ਦੀ ਮੰਗ ਰੱਖੀ ਸੀ। ਜ਼ਿਕਰਯੋਗ ਹੈ ਕਿ ਸੂਬੇ ਦਾ ਸੱਤਾਧਾਰੀ ਸ਼ਿੰਦੇ ਧੜਾ ‘ਅਸਲੀ’ ਸ਼ਿਵ ਸੈਨਾ ਹੋਣ ਦਾ ਦਾਅਵਾ ਕਰ ਰਿਹਾ ਹੈ। ਠਾਕਰੇ ਤੇ ਸ਼ਿੰਦੇ ਧੜਿਆਂ ਵਿਚਾਲੇ ਪਾਰਟੀ ’ਤੇ ਦਾਅਵੇ ਨੂੰ ਲੈ ਕੇ ਟਕਰਾਅ ਬਣਿਆ ਹੋਇਆ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਹੁਣ ਇਸ ਮਾਮਲੇ ’ਤੇ ਫ਼ੈਸਲਾ ਚੋਣ ਕਮਿਸ਼ਨ ਲਏਗਾ। ਸੰਵਿਧਾਨਕ ਬੈਂਚ ਵਿਚ ਜਸਟਿਸ ਐਮਆਰ ਸ਼ਾਹ, ਕ੍ਰਿਸ਼ਨ ਮੁਰਾਰੀ, ਹਿਮਾ ਕੋਹਲੀ ਤੇ ਪੀਐੱਸ ਨਰਸਿਮ੍ਹਾ ਵੀ ਸਨ। ਠਾਕਰੇ ਧੜੇ ਵੱਲੋਂ ਅੱਜ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਏ। ਉਨ੍ਹਾਂ ਸ਼ਿੰਦੇ ਧੜੇ ਦੇ ਦਾਅਵਿਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਚੋਣ ਨਿਸ਼ਾਨ ਸਬੰਧੀ ਹੁਕਮ ਉਦੋਂ ਹੀ ਦਿੱਤਾ ਜਾ ਸਕਦਾ ਹੈ ਜਦ ਦਾਅਵੇਦਾਰ ਉਸੇ ਸਿਆਸੀ ਪਾਰਟੀ ਦਾ ਹੋਵੇ ਪਰ ਵਿਰੋਧੀ ਧੜੇ ਨਾਲ ਸਬੰਧ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਸ਼ਿੰਦੇ ਪਾਰਟੀ ਵਿਚ ਨਹੀਂ ਹਨ ਤੇ ਮੈਂਬਰਸ਼ਿਪ ਛੱਡ ਦਿੱਤੀ ਗਈ ਹੈ। ਅਜਿਹੇ ਵਿਚ ਚੋਣ ਕਮਿਸ਼ਨ ਕਿਵੇਂ ਸੁਣਵਾਈ ਕਰ ਸਕਦਾ ਹੈ। ਸਿੱਬਲ ਨੇ ਇਸ ਮੌਕੇ ਮੁੱਖ ਮੰਤਰੀ ਊਧਵ ਠਾਕਰੇ ਖ਼ਿਲਾਫ਼ ਬਗਾਵਤ ਕਰਨ ਵਾਲੇ ਸ਼ਿੰਦੇ ਤੇ ਬਾਕੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਜਾਰੀ ਕੀਤੇ ਗਏ ਨੋਟਿਸ ਦਾ ਹਵਾਲਾ ਵੀ ਦਿੱਤਾ। -ਪੀਟੀਆਈ
ਸੱਚ ਲਈ ਲੜਾਈ ਜਾਰੀ ਰਹੇਗੀ: ਆਦਿੱਤਿਆ ਠਾਕਰੇ
ਮੁੰਬਈ: ਸ਼ਿਵ ਸੈਨਾ ਦੇ ਆਗੂ ਆਦਿੱਤਿਆ ਠਾਕਰੇ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਿਹਾ ਕਿ ਇਸ ਨੂੰ ਕਿਸੇ ਵੀ ਧੜੇ ਦੀ ਜਿੱਤ-ਹਾਰ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸੱਚ ਲਈ ਸੰਘਰਸ਼ ਚੋਣ ਕਮਿਸ਼ਨ ’ਚ ਵੀ ਜਾਰੀ ਰਹੇਗਾ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਸੀ ਕਿ ਕਾਨੂੰਨੀ ਲੜਾਈ ਵਿੱਚ ਉਨ੍ਹਾਂ ਦਾ ਧੜਾ ਜੇਤੂ ਹੋ ਕੇ ਉਭਰੇਗਾ। ਠਾਕਰੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਯਕੀਨ ਹੈ। -ਪੀਟੀਆਈ