ਸ੍ਰੀਨਗਰ, 9 ਜੁਲਾਈ
ਅਮਰਨਾਥ ਗੁਫ਼ਾ ਨੇੜੇ ਸ਼ੁੱਕਰਵਾਰ ਨੂੰ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਹੁਣ ਤੱਕ ਮੌਤਾਂ ਦੀ ਗਿਣਤੀ 16 ਹੋ ਗਈ ਹੈ ਜਦਕਿ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਹਾਲੇ ਵੀ ਕਈ ਲੋਕ ਮਲਬੇ ਹੇਠ ਦੱਬੇ ਹੋ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਫਸੇ ਹੋਏ 15 ਹਜ਼ਾਰ ਸ਼ਰਧਾਲੂਆਂ ਨੂੰ ਹੇਠਾਂ ਸਥਿਤ ਬੇਸ ਕੈਂਪ ਪੰਜਤਰਨੀ ਲਿਆਂਦਾ ਗਿਆ ਹੈ। ਜ਼ਖ਼ਮੀ ਹੋਏ 25 ਜਣਿਆਂ ਨੂੰ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ ਹੈ। ਦੱਸਣਯੋਗ ਹੈ ਕਿ ਬੱਦਲ ਫਟਣ ਕਾਰਨ ਇਕਦਮ ਹੜ੍ਹ ਆ ਗਿਆ ਸੀ ਤੇ ਜ਼ਮੀਨ ਖ਼ਿਸਕ ਗਈ ਸੀ।
ਗੁਫ਼ਾ ਨੇੜਲੇ ਬੇਸ ਕੈਂਪ ਵਿਚ ਲੱਗੇ ਲੰਗਰ ਤੇ ਟੈਂਟ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਸਨ। ਫ਼ੌਜ ਦੇ ਇਕ ਅਧਿਕਾਰੀ ਮੁਤਾਬਕ ਬਚਾਅ ਟੀਮਾਂ ਨੂੰ ਉੱਚ ਤਕਨੀਕ ਵਾਲੇ ਉਪਕਰਨ ਦਿੱਤੇ ਗਏ ਹਨ ਤੇ ਨਾਲ ਹੀ ਖੋਜੀ ਕੁੱਤਿਆਂ ਨੂੰ ਵੀ ਤਲਾਸ਼ ਤੇ ਬਚਾਅ ਕਾਰਜਾਂ ਵਿਚ ਲਾਇਆ ਗਿਆ ਹੈ। ਅੱਜ ਸਵੇਰੇ ਛੇ ਸ਼ਰਧਾਲੂਆਂ ਨੂੰ ਫ਼ੌਜ ਨੇ ਹੈਲੀਕਾਪਟਰਾਂ ਨਾਲ ਘਟਨਾ ਸਥਾਨ ਤੋਂ ਕੱਢਿਆ। ਫ਼ੌਜ ਦੀਆਂ ਮੈਡੀਕਲ ਟੀਮਾਂ ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਨੀਲਾਗ੍ਰਾਰ ਹੈਲੀਪੈਡ ਤੋਂ ਲੈ ਕੇ ਜਾ ਰਹੀਆਂ ਹਨ।
ਬੀਐੱਸਐਫ ਦੇ ਇਕ ਐਮਆਈ-17 ਹੈਲੀਕਾਪਟਰ ਨੂੰ ਬਚਾਅ ਕਾਰਜਾਂ ਵਿਚ ਲਾਇਆ ਗਿਆ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਵੀ ਹੈਲੀਕਾਪਟਰ ਤਾਇਨਾਤ ਕੀਤੇ ਹਨ। ਬੀਐੱਸਐਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ 16 ਦੇਹਾਂ ਬਾਲਟਾਲ ਲਿਆਂਦੀਆਂ ਗਈਆਂ ਹਨ। ਆਈਟੀਬੀਪੀ ਵੱਲੋਂ ਰਸਤਾ ਸਾਫ਼ ਕੀਤਾ ਜਾ ਰਿਹਾ ਹੈ। ਕਸ਼ਮੀਰ ਰੇਂਜ ਦੇ ਮੁਖੀ ਵਧੀਕ ਡੀਜੀ ਵਿਜੈ ਕੁਮਾਰ ਅੱਜ ਸਵੇਰੇ ਪਵਿੱਤਰ ਗੁਫ਼ਾ ਨੇੜੇ ਪਹੁੰਚੇ। ਉਨ੍ਹਾਂ ਵੱਲੋਂ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਐੱਨਡੀਆਰਐਫ ਦੀਆਂ ਟੀਮਾਂ ਵੀ ਬਚਾਅ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਬਚਾਅ ਕਰਮੀ ਮਲਬੇ ਨੂੰ ਹਟਾ ਰਹੇ ਹਨ ਤੇ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ।
ਪ੍ਰਸ਼ਾਸਨ ਵੱਲੋਂ ਅੰਕੜੇ ਜਾਂਚੇ ਜਾ ਰਹੇ ਹਨ ਤੇ ਤਾਂ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਪਤਾ ਲੱਗ ਸਕੇ। ਦੱਸਣਯੋਗ ਹੈ ਕਿ ਅਤਿਵਾਦੀ ਹਮਲੇ ਦੇ ਖ਼ਤਰੇ ਦੇ ਮੱਦੇਨਜ਼ਰ ਹਰੇਕ ਯਾਤਰੀ ਨੂੰ ਇਸ ਵਾਰ ਰੇਡੀਓ ਫ੍ਰੀਕੁਐਂਸੀ ਸ਼ਨਾਖ਼ਤੀ ਕਾਰਡ ਦਿੱਤਾ ਗਿਆ ਸੀ। 30 ਜੂਨ ਨੂੰ ਸ਼ੁਰੂ ਹੋਈ ਯਾਤਰਾ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਹੈ। ਇਸੇ ਦੌਰਾਨ ਹੜ੍ਹਾਂ ਤੇ ਮੌਤਾਂ ਦੇ ਬਾਵਜੂਦ 6 ਹਜ਼ਾਰ ਸ਼ਰਧਾਲੂਆਂ ਦਾ ਗਿਆਰ੍ਹਵਾਂ ਬੈਚ ਜੰਮੂ ਸ਼ਹਿਰ ਤੋਂ ਕਸ਼ਮੀਰ ਦੇ ਦੋ ਬੇਸ ਕੈਂਪਾਂ ਲਈ ਰਵਾਨਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ ਤਿੰਨ ਸਾਲਾਂ ਬਾਅਦ ਹੋ ਰਹੀ ਹੈ। ਪਹਿਲਾਂ ਧਾਰਾ 370 ਹਟਣ ਤੇ ਮਗਰੋਂ ਕੋਵਿਡ ਕਾਰਨ ਇਹ ਰੱਦ ਹੁੰਦੀ ਰਹੀ ਹੈ। -ਪੀਟੀਆਈ
ਏਨੀ ਉਚਾਈ ’ਤੇ ਟੈਂਟ-ਲੰਗਰ ਲੱਗਣ ਦੀ ਅਬਦੁੱਲਾ ਨੇ ਜਾਂਚ ਮੰਗੀ
ਐੱਨਸੀ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਸਰਕਾਰ ਨੂੰ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਦੱਖਣੀ ਕਸ਼ਮੀਰ ਦੇ ਬੇਹੱਦ ਉਚਾਈ ਵਾਲੇ ਅਮਰਨਾਥ ਗੁਫ਼ਾ ਨੇੜਲੇ ਇਸ ਖੇਤਰ ਵਿਚ ਲੰਗਰ ਤੇ ਐਨੇ ਟੈਂਟ ਕਿਵੇਂ ਲਾ ਦਿੱਤੇ ਗਏ ਜਦਕਿ ਇੱਥੇ ਹਮੇਸ਼ਾ ਕੁਦਰਤੀ ਆਫ਼ਤਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅੱਜ ਸਵੇਰੇ ਸ੍ਰੀਨਗਰ ਪੁੱਜੇ ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਹ ਇਸ ਤ੍ਰਾਸਦੀ ਤੋਂ ਬਹੁਤ ਦੁਖੀ ਹਨ ਪਰ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਸਰਕਾਰ ਨੂੰ ਸਾਰਾ ਸੱਚ ਸਾਹਮਣੇ ਰੱਖਣਾ ਚਾਹੀਦਾ ਹੈ ਤੇ ਕੁਝ ਵੀ ਲੁਕੋਣਾ ਨਹੀਂ ਚਾਹੀਦਾ। ਹਾਲੇ ਤੱਕ ਇਹ ਨਹੀਂ ਪਤਾ ਹੈ ਕਿ ਕਿੰਨੇ ਲੋਕਾਂ ਦੀ ਜਾਨ ਗਈ ਹੈ ਪਰ ਜਾਪਦਾ ਹੈ ਕਿ ਕਾਫ਼ੀ ਜਾਨਾਂ ਗਈਆਂ ਹਨ। -ਪੀਟੀਆਈ
ਸ਼ਰਧਾਲੂ ਮੱਥਾ ਟੇਕੇ ਬਿਨਾਂ ਹੀ ਘਰਾਂ ਨੂੰ ਪਰਤੇ
ਬਾਲਟਾਲ: ਪਵਿੱਤਰ ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਮਗਰੋਂ ਕਈ ਸ਼ਰਧਾਲੂਆਂ ਨੂੰ ਮੱਥਾ ਟੇਕੇ ਬਿਨਾਂ ਹੀ ਆਪਣੇ ਘਰਾਂ ਨੂੰ ਪਰਤਣਾ ਪਿਆ ਹੈ। ਇਹ ਸ਼ਰਧਾਲੂ ਪਵਿੱਤਰ ਗੁਫ਼ਾ ਨੇੜੇ ਬਣਾਏ ਗਏ ਕੈਂਪਾਂ ’ਚ ਠਹਿਰੇ ਹੋਏ ਸਨ ਅਤੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਸਨ। ਬੱਦਲ ਫਟਣ ਮਗਰੋਂ ਕਈ ਕੈਂਪ ਰੁੜ੍ਹ ਗਏ। ਪਟਨਾ ਦੇ ਸ਼ੁਭਮ ਵਰਮਾ ਨੇ ਕਿਹਾ ਕਿ ਉਹ ਗੁਫ਼ਾ ਨੇੜੇ ਟੈਂਟਾਂ ’ਚ ਰੁਕੇ ਹੋਏ ਸਨ ਪਰ ਜਦੋਂ ਪਾਣੀ ਆਇਆ ਤਾਂ ਭਾਜੜ ਮੱਚ ਗਈ ਅਤੇ ਉਹ ਟੈਂਟਾਂ ਤੋਂ ਬਾਹਰ ਆ ਗਏ। ਇਕ ਹੋਰ ਸ਼ਰਧਾਲੂ ਰੰਜਨ ਸੋਨੀ ਨੇ ਕਿਹਾ ਕਿ ਫ਼ੌਜ ਨੇ ਉਨ੍ਹਾਂ ਨੂੰ ਸੁਰੱਖਿਅਤ ਟਿਕਾਣੇ ’ਤੇ ਜਾਣ ਲਈ 20 ਮਿੰਟਾਂ ਦਾ ਸਮਾਂ ਦਿੱਤਾ ਅਤੇ ਉਹ ਸਾਰਾ ਸਮਾਨ ਛੱਡ ਕੇ ਉਥੋਂ ਚਲੇ ਗਏ। ਇਨ੍ਹਾਂ ਸ਼ਰਧਾਲੂਆਂ ਨੇ ਕਿਹਾ ਕਿ ਉਹ ਦਰਸ਼ਨ ਕੀਤੇ ਬਿਨਾਂ ਜਾ ਰਹੇ ਹਨ ਪਰ ਉਹ ਇਕ ਦਿਨ ਜ਼ਰੂਰ ਪਰਤਣਗੇ। -ਪੀਟੀਆਈ
ਭਾਜਪਾ ਵਿਧਾਇਕ ਤੇ ਪਰਿਵਾਰ ਦਾ ਤ੍ਰਾਸਦੀ ’ਚ ਬਚਾਅ
ਇਸ ਤ੍ਰਾਸਦੀ ’ਚ ਬਚਣ ਵਾਲਿਆਂ ਵਿਚ ਤਿਲੰਗਾਨਾ ਦੇ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਵੀ ਸ਼ਾਮਲ ਹਨ। ਵਿਧਾਇਕ ਤੇ ਉਨ੍ਹਾਂ ਦਾ ਪਰਿਵਾਰ ਹੈਲੀਕਾਪਟਰ ਰਾਹੀਂ ਅਮਰਨਾਥ ਆਏ ਸਨ, ਪਰ ਮੁੜਨ ਵੇਲੇ ਮੌਸਮ ਖ਼ਰਾਬ ਹੋਣ ਕਾਰਨ ਉਨ੍ਹਾਂ ਖੱਚਰਾਂ ਉਤੇ ਵਾਪਸ ਜਾਣ ਦਾ ਫ਼ੈਸਲਾ ਲਿਆ ਸੀ। ਰਾਜਾ ਸਿੰਘ ਨੇ ਮੀਡੀਆ ਨੂੰ ਦੱਸਿਆ, ‘ਅਸੀਂ ਮਹਿਸੂਸ ਕੀਤਾ ਕਿ ਅਚਾਨਕ ਮੌਸਮ ਬਹੁਤ ਜ਼ਿਆਦਾ ਖ਼ਰਾਬ ਹੋ ਗਿਆ। ਅਜਿਹੇ ਵਿਚ ਹੈਲੀਕਾਪਟਰ ਸੇਵਾਵਾਂ ਰੱਦ ਹੋਣ ਦੀ ਕਾਫ਼ੀ ਸੰਭਾਵਨਾ ਸੀ। ਇਸ ਲਈ ਅਸੀਂ ਪਹਾੜੀਆਂ ਤੋਂ ਖੱਚਰਾਂ ਰਾਹੀਂ ਉਤਰਨ ਦਾ ਫ਼ੈਸਲਾ ਲਿਆ।’ -ਪੀਟੀਆਈ