ਗੁਹਾਟੀ/ਇੰਫਾਲ, 2 ਜੁਲਾਈ
ਮਨੀਪੁਰ ਦੇ ਨੋਨੀ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਮਲਬੇ ’ਚੋਂ ਪੰਜ ਹੋਰ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ 38 ਹੋਰ ਵਿਅਕਤੀ ਅਜੇ ਲਾਪਤਾ ਹਨ ਅਤੇ ਰਾਹਤ ਕਾਰਜਾਂ ’ਚ ਹੋਰ ਟੀਮਾਂ ਲਾਈਆਂ ਗਈਆਂ ਹਨ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਜ਼ਮੀਨ ਖਿਸਕਣ ਦਾ ਵੀਡੀਓ ਸਾਂਝਾ ਕਰਦਿਆਂ ਟਵੀਟ ਕੀਤਾ,‘‘ਟੁਪੁਲ ਦੇ ਪ੍ਰਭਾਵਿਤ ਇਲਾਕੇ ’ਚ ਹਾਲਾਤ ਅਜੇ ਵੀ ਗੰਭੀਰ ਹਨ। ਸਵੇਰੇ ਮੀਂਹ ਪੈਣ ਮਗਰੋਂ ਹੁਣ ਅਸੀਂ ਮੌਸਮ ’ਚ ਸੁਧਾਰ ਦੀ ਆਸ ਕਰ ਰਹੇ ਹਾਂ। ਹੁਣ ਤੱਕ 25 ਲਾਸ਼ਾਂ ਮਿਲ ਚੁੱਕੀਆਂ ਹਨ ਅਤੇ 18 ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। 38 ਵਿਅਕਤੀ ਅਜੇ ਵੀ ਲਾਪਤਾ ਹਨ।’’ ਢਿੱਗਾਂ ਡਿੱਗਣ ਕਾਰਨ ਲਜਾਈ ਦਰਿਆ ਦਾ ਪਾਣੀ ਜਮ੍ਹਾਂ ਹੋ ਗਿਆ ਹੈ ਜੋ ਨੇੜੇ ਰਹਿੰਦੇ ਲੋਕਾਂ ਲਈ ਖ਼ਤਰਾ ਬਣ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਪ੍ਰਦੇਸ਼ਿਕ ਸੈਨਾ ਦੇ 13 ਜਵਾਨਾਂ ਅਤੇ ਪੰਜ ਆਮ ਨਾਗਰਿਕਾਂ ਨੂੰ ਬਚਾਅ ਲਿਆ ਗਿਆ ਹੈ। ਛੇ ਆਮ ਨਾਗਰਿਕਾਂ ਸਮੇਤ 24 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਪ੍ਰਦੇਸ਼ਿਕ ਸੈਨਾ ਦੇ 12 ਲਾਪਤਾ ਜਵਾਨਾਂ ਅਤੇ 26 ਆਮ ਨਾਗਰਿਕਾਂ ਦੀ ਭਾਲ ਜਾਰੀ ਹੈ। ਇਕ ਜੇਸੀਓ ਸਮੇਤ 14 ਜਵਾਨਾਂ ਦੀਆਂ ਦੇਹਾਂ ਹਵਾਈ ਸੈਨਾ ਦੇ ਦੋ ਅਤੇ ਥਲ ਸੈਨਾ ਦੇ ਇਕ ਹੈਲੀਕਾਪਟਰ ਰਾਹੀਂ ਉਨ੍ਹਾਂ ਦੇ ਗ੍ਰਹਿ ਨਗਰਾਂ ’ਚ ਪਹੁੰਚਾਈਆਂ ਗਈਆਂ ਹਨ। -ਪੀਟੀਆਈ