ਨਵੀਂ ਦਿੱਲੀ, 2 ਜੂਨਭਾਰਤ ਦੇ ਡਰੱਗਜ਼ ਕੰਟੋਰਲਰ ਜਨਰਲ(ਡੀਸੀਜੀਆਈ) ਨੇ ਸੈਂਟਰਲ ਡਰੱਗਜ਼ ਲੈਬਾਰਟਰੀ ਕਸੌਲੀ ਵੱਲੋਂ ਵਿਦੇਸ਼ ਵਿੱਚ ਤਿਆਰ ਕੋਵਿਡ-19 ਰੋਕੂ ਟੀਕਿਆਂ ਦੀ ਜਾਂਚ ਕਰਨ ਤੇ ਅਜਿਹੀਆਂ ਕੰਪਨੀਆਂ ਲਈ ਟੀਕਿਆਂ ਦੀ ਵਰਤੋਂ ਸ਼ੁਰੂ ਕਰਨ ਬਾਅਦ ਵਿਸ਼ੇਸ ਟ੍ਰਾਇਲ ਕਰਨ ਦੀ ਲਾਜ਼ਮੀ ਸ਼ਰਤ ਤੋਂ ਛੋਟ ਦੇ ਦਿੱਤੀ ਹੈ, ਜਿਸ ਨਾਲ ਟੀਕਿਆਂ ਦੀ ਕਮੀ ਦੂਰ ਹੋਵੇਗੀ। ਡਰੱਗਜ਼ ਕੰਟਰੋਲਰ ਜਨਰਲ ਦਾ ਇਹ ਫ਼ੈਸਲਾ ਫਾਇਜ਼ਰ ਤੇ ਸਿਪਲਾ ਵਰਗੀਆਂ ਕੰਪਨੀਆਂ ਦੀ ਮੰਗ ਮਗਰੋਂ ਆਇਆ ਹੈ। ਉਨ੍ਹਾਂ ਨੇ ਭਾਰਤ ਵਿੱਚ ਟੀਕਿਆਂ ਦੀ ਸਪਲਾਈ ਲਈ ਕੀਤੀ ਗੱਲਬਾਤ ਦੌਰਾਨ ਇਹ ਮੰਗ ਕੀਤੀ ਸੀ। ਹਾਲੇ ਤੱਕ ਕਿਸ ਵੀ ਵਿਦੇਸ਼ੀ ਕੰਪਨੀ ਨੂੰ ਭਾਰਤ ਵਿੱਚ ਕਰੋਨਾ ਰੋਕੂ ਟੀਕਾਕਰਨ ਸ਼ੁਰੂ ਕਰਨ ਤੋਂ ਪਹਿਲਾਂ ਵਿਸ਼ੇਸ਼ ਟ੍ਰਾਇਲ ਕਰਨਾ ਹੁੰਦ ਸੀ। ਇਸ ਵਿੱਚ ਸੀਮਤ ਗਿਣਤੀ ਵਿੱਚ ਸਥਾਨਕ ਲੋਕਾਂ ਨੂੰ ਟੀਕੇ ਲਗਾਏ ਜਾਂਦੇ ਹਨ ਤੇ ਉਨ੍ਹਾਂ ’ਤੇ ਪੈ ਰਹੇ ਟੀਕੇ ਦੇ ਚੰਗੇ ਮਾੜੇ ਅਸਰ ਦੀ ਸਮੀਖਿਆ ਕੀਤੀ ਜਾਂਦੀ ਹੈ। ਡਰੱਗਜ਼ ਕੰਟਰੋਲਰ ਜਨਰਲ ਨੇ ਕਿਹਾ ਹੈ ਕਿ ਦੇਸ਼ ਵਿੱਚ ਕਰੋਨਾ ਕੇਸਾਂ ਕਾਰਨ ਟੀਕਿਆਂ ਦੀ ਮੰਗ ਵਧਣ ਕਾਰਨ ਇਹ ਛੋਟ ਦਿੱਤੀ ਗਈ ਹੈ।