ਜਾਲੌਨ (ਯੂਪੀ), 16 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਵੋਟਾਂ ਲੈਣ ਲਈ ਮੁਫ਼ਤ ਚੀਜ਼ਾਂ ਵੰਡਣ ਦੇ ਸੱਭਿਆਚਾਰ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਇਹ ‘ਰਿਉੜੀ ਸੱਭਿਆਚਾਰ’ ਮੁਲਕ ਦੇ ਵਿਕਾਸ ਲਈ ਕਾਫ਼ੀ ਖਤਰਨਾਕ ਹੈ। ਉਨ੍ਹਾਂ ਵੱਖ-ਵੱਖ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਮੁਫ਼ਤ ਸਹੂਲਤਾਂ ਦੇਣ ਸਬੰਧੀ ਕੀਤੇ ਜਾਂਦੇ ਵਾਅਦਿਆਂ ਲਈ ‘ਰਿਉੜੀ’ ਸ਼ਬਦ ਦੀ ਇੱਕ ਪ੍ਰਤੀਕ ਵਜੋਂ ਵਰਤੋਂ ਕੀਤੀ। ਇੱਥੇ ਲਗਪਗ 14,850 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 296 ਕਿਲੋਮੀਟਰ ਲੰਮੇ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ਮਗਰੋਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਐਕਸਪ੍ਰੈੱਸਵੇਅ ਨਾ ਸਿਰਫ਼ ਵਾਹਨਾਂ ਨੂੰ ਤੇਜ਼ ਗਤੀ ਦੇਵੇਗਾ ਬਲਕਿ ਸਮੁੱਚੇ ਬੁੰਦੇਲਖੰਡ ਦੇ ਸਨਅਤੀ ਵਿਕਾਸ ਨੂੰ ਵੀ ਤੇਜ਼ ਕਰੇਗਾ। ਉਨ੍ਹਾਂ ਕਿਹਾ ਕਿ ਬੁੰਦੇਲਖੰਡ ਐਕਸਪ੍ਰੈਸਵੇਅ ਰਾਹੀਂ ਚਿੱਤਰਕੂਟ ਤੋਂ ਦਿੱਲੀ ਤੱਕ ਦੀ ਦੂਰੀ ਘਟ ਕੇ ਤਿੰਨ ਤੋਂ ਚਾਰ ਘੰਟੇ ਰਹਿ ਗਈ ਹੈ ਪਰ ਇਸ ਦਾ ਫ਼ਾਇਦਾ ਇਸ ਤੋਂ ਵੀ ਕਿਤੇ ਵੱਧ ਹੋਵੇਗਾ। ਉਨ੍ਹਾਂ ਯੂਪੀ ਵਿੱਚ ਸੰਚਾਰ ਸਾਧਨਾਂ ਲਈ ਪਿਛਲੀਆਂ ਸਰਕਾਰਾਂ ਸਮੇਂ ਹੋਏ ਕੰਮਾਂ ’ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਹਰ ਫ਼ੈਸਲੇ ਤੇ ਨੀਤੀ ਪਿੱਛੇ ਇਹੀ ਸੋਚ ਹੋਣੀ ਚਾਹੀਦੀ ਹੈ ਕਿ ਇਸ ਨਾਲ ਮੁਲਕ ਦਾ ਵਿਕਾਸ ਤੇਜ਼ ਹੋਵੇ। -ਪੀਟੀਆਈ
ਕੁਝ ਕਾਰਪੋਰਟਾਂ ਅਤੇ ਮੰਤਰੀਆਂ ਨੂੰ ਲਾਭ ਦੇਣਾ ਅਸਲ ਵਿੱਚ ਰਿਉੜੀਆਂ ਵੰਡਣਾ ਹੈ: ਕੇਜਰੀਵਾਲ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ ’ਤੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਹ (ਕੇਜਰੀਵਾਲ) ਦੇਸ਼ ਦੀ ਨੀਂਹ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੁਫ਼ਤ ਰਿਉੜੀਆਂ ਨਹੀਂ ਸਗੋਂ ਦਿੱਲੀ ਦੇ ਗ਼ਰੀਬ ਤੇ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਤੇ ਮਿਆਰੀ ਸਿੱਖਿਆ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁਫ਼ਤ ਸਹੂਲਤਾਂ ਦੇਣਾ ਰਿਉੜੀਆਂ ਦੇਣਾ ਨਹੀਂ ਬਲਕਿ ਕੁੱਝ ਕਾਰਪੋਰਟਾਂ ਤੇ ਮੰਤਰੀਆਂ ਨੂੰ ਲਾਭ ਦੇਣਾ ਅਸਲ ਵਿੱਚ ਰਿਉੜੀਆਂ ਹਨ। ਕੇਜਰੀਵਾਲ ਨੇ ਕਿਹਾ, ‘‘ਮੈਂ ਤੁਹਾਨੂੰ ਦੱਸਾਂਗਾ ਕਿ ਮੁਫ਼ਤ ਰਿਉੜੀ ਕੀ ਹੈ ਤੇ ਦੇਸ਼ ਵਿੱਚ ਮੁਫ਼ਤ ਰਿਉੜੀਆਂ ਕੌਣ ਵੰਡ ਰਿਹਾ ਹੈ। ਇੱਕ ਵੱਡੀ ਕੰਪਨੀ ਹੈ ਜਿਸ ਨੇ ਵੱਖ-ਵੱਖ ਬੈਂਕਾਂ ਤੋਂ ਕਰਜ਼ਾ ਲਿਆ ਹੈ। ਉਹ ਕਰਜ਼ੇ ਨਿਗਲ ਗਏ ਅਤੇ ਬੈਂਕ ਦੀਵਾਲੀਆ ਹੋ ਗਏ।’’ -ਪੱਤਰ ਪ੍ਰੇਰਕ
ਅਧੂਰੇ ਐਕਸਪ੍ਰੈੱਸਵੇਅ ਦਾ ਉਦਘਾਟਨ ‘ਡੰਗ ਸਾਰੂ’ ਸੱਭਿਆਚਾਰ ਦੀ ਨਿਸ਼ਾਨੀ: ਅਖਿਲੇਸ਼
ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ’ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸਰਕਾਰ ’ਤੇ ਅਧੂਰੇ ਬਣੇ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ਦੀ ਕਾਹਲ ਕਰਨ ਤੇ ਡੰਗ ਸਾਰੂ ਸੱਭਿਆਚਾਰ ਦਾ ਸਮਰਥਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਟਵੀਟ ਕੀਤਾ,‘ਅੱਧੇ-ਅਧੂਰੇ ਬੁੰਦੇਲਖੰਡ ਐਕਸਪ੍ਰੈੱਸਵੇਅ ਦੇ ਉਦਘਾਟਨ ਦੀ ਕਾਹਲ ਦੱਸਦੀ ਹੈ ਕਿ ਇਸਦਾ ਡਿਜ਼ਾਈਨ ਵੀ ਇੰਜ ਹੀ ਡੰਗ ਸਾਰੂ ਬਣਿਆ ਹੈ। -ਪੀਟੀਆਈ