ਕੋਲਕਾਤਾ, 24 ਜੂਨ
ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਦਾਖ਼ਲ ਚੋਣ ਪਟੀਸ਼ਨ ’ਤੇ ਸੁਣਵਾਈ ਕਰ ਰਹੇ ਜੱਜ ਦੇ ਭਾਜਪਾ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਉਸ ਨੂੰ ਸੁਣਵਾਈ ਤੋਂ ਲਾਂਭੇ ਕਰਨ ਦੀ ਅਰਜ਼ੀ ’ਤੇ ਕਲਕੱਤਾ ਹਾਈ ਕੋਰਟ ਨੇ ਅੱਜ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਮਮਤਾ ਬੈਨਰਜੀ ਅੱਜ ਵੀਡੀਓ ਕਾਨਫਰੰਸ ਰਾਹੀਂ ਜਸਟਿਸ ਕੌਸ਼ਿਕ ਚੰਦਾ ਦੀ ਅਦਾਲਤ ਅੱਗੇ ਪੇਸ਼ ਹੋਈ। ਜੱਜ ਨੇ 18 ਜੂਨ ਨੂੰ ਮਮਤਾ ਨੂੰ ਅਦਾਲਤ ’ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਜਸਟਿਸ ਚੰਦਾ ਖ਼ਿਲਾਫ਼ ਹੀ ਸੁਣਵਾਈ ਤੋਂ ਲਾਂਭੇ ਹੋਣ ਦੀ ਪਟੀਸ਼ਨ ਪਾਈ ਗਈ ਹੈ। ਉਨ੍ਹਾਂ ਕੇਸ ਦੀ ਸੁਣਵਾਈ ਕਰਦਿਆਂ ਫ਼ੈਸਲਾ ਰਾਖਵਾਂ ਰੱਖ ਲਿਆ। ਜੱਜ ਨੇ ਫ਼ੈਸਲਾ ਸੁਣਾਉਣ ਦੀ ਤਰੀਕ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਜੱਜ ਦੇ ਭਾਜਪਾ ਨਾਲ ਕਥਿਤ ਸਬੰਧ ਹੋਣ ਕਰਕੇ ਉਸ ਨੂੰ ਇਨਸਾਫ਼ ਨਹੀਂ ਮਿਲ ਸਕਦਾ ਹੈ ਜਿਸ ਕਾਰਨ ਉਸ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ। ਉਸ ਦੇ ਵਕੀਲ ਨੇ ਕਾਰਜਕਾਰੀ ਚੀਫ਼ ਜਸਟਿਸ ਰਾਜੇਸ਼ ਬਿੰਦਲ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਚੋਣ ਪਟੀਸ਼ਨ ਕਿਸੇ ਹੋਰ ਬੈਂਚ ਹਵਾਲੇ ਕੀਤੀ ਜਾਵੇ। -ਪੀਟੀਆਈ