ਮੁੰਬਈ, 17 ਨਵੰਬਰ
ਇਥੋਂ ਦੀ ਇਕ ਅਦਾਲਤ ਨੇ ਜਬਰਨ ਵਸੂਲੀ ਮਾਮਲੇ ਵਿੱਚ ਆਈਪੀਐਸ ਅਧਿਕਾਰੀ ਪਰਮਬੀਰ ਸਿੰਘ ਨੂੰ ਅੱਜ ਭਗੌੜਾ ਐਲਾਨ ਦਿੱਤਾ। ਅਦਾਲਤ ਨੇ ਸੋਮਵਾਰ ਨੂੰ ਮਹਾਰਾਸ਼ਟਰ ਸੀਆਈਡੀ ਦੀ ਉਸ ਅਰਜ਼ੀ ’ਤੇ ਸੁਣਵਾਈ ਕੀਤੀ ਸੀ ਜਿਸ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਸਾਬਕਾ ਪੁਲੀਸ ਅਧਿਕਾਰੀ ਨੂੰ ਭਗੌੜਾ ਐਲਾਨੇ ਜਾਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਉਦੋਂ ਅਦਾਲਤ ਨੇ ਇਸ ਸਬੰਧ ਵਿੱਚ ਕੋਈ ਫੈਸਲਾ ਨਹੀਂ ਸੁਣਾਇਆ ਸੀ। ਦੱਸਣਯੋਗ ਹੈ ਕਿ ਪਰਮਬੀਰ ਖਿਲਾਫ਼ ਤਿੰਨ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ ਪਰ ਉਹ ਜਾਂਚ ਲਈ ਪੇਸ਼ ਨਹੀਂ ਹੋਏ। ਅਦਾਲਤ ਨੇ ਵਿਨੈ ਸਿੰਘ ਅਤੇ ਰਿਯਾਜ ਭਾਜਟੀ ਨੂੰ ਵੀ ਭਗੌੜਾ ਐਲਾਨਿਆ ਹੈ। ਜਾਣਕਾਰੀ ਅਨੁਸਾਰ ਸਾਬਕਾ ਪੁਲੀਸ ਅਧਿਕਾਰੀ ਨੂੰ 30 ਦਿਨਾਂ ਅੰਦਰ ਹਾਜ਼ਰ ਹੋਣ ਦਾ ਅਲਟੀਮੇਟਮ ਦਿੱਤਾ ਗਿਆ ਹੈ ਤੇ ਜੇ ਉਹ ਨਿਸ਼ਚਿਤ ਸਮੇਂ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਉਸ ਦੀ ਸੰਪਤੀ ਜ਼ਬਤ ਕਰਨ ਦੀ ਪ੍ਰਕਿਰਿਆ ਆਰੰਭੀ ਜਾਵੇਗੀ।